ਬਲਬੀਰ ਸਿੱਧੂ ਵਲੋਂ ਟਰੱਕ ਡਰਾਈਵਰਾਂ ਦੀ ਹੜਤਾਲ ਦੀ ਹਿਮਾਇਤ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਸਰਕਾਰ ਵਿਵਾਦਤ ਕਾਨੂੰਨ ਉਤੇ ਤੁਰੰਤ ਮੁੜ ਵਿਚਾਰ ਕਰੇ 

Balbir Sidhu

ਐਸ.ਏ.ਐਸ. ਨਗਰ : ਮੁਲਕ ਭਰ ਦੇ ਟਰੱਕ ਡਰਾਈਵਰਾਂ ਵਲੋਂ ਕੀਤੀ ਜਾ ਰਹੀ ਹੜਤਾਲ ਦੀ ਹਿਮਾਇਤ ਕਰਦਿਆਂ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਨਵੇਂ ਕਾਨੂੰਨ ਹਿੱਟ ਐਂਡ ਰਨ ਤਹਿਤ ਡਰਾਈਵਰਾਂ ਖ਼ਾਸ ਕਰ ਕੇ ਟਰੱਕ ਡਰਾਈਵਰਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਜਾਣਗੀਆਂ।    

ਸਿੱਧੂ ਨੇ ਕਿਹਾ ਕਿ ਟਰੱਕ ਡਰਾਈਵਰਾਂ ਨੂੰ ਦੁਰਘਟਨਾ ਦੀ ਸੂਰਤ ਵਿਚ ਕਈ ਵਾਰ ਮਜ਼ਬੂਰਨ ਘਟਨਾ ਸਥਾਨ ਤੋਂ ਲਾਂਭੇ ਹੋਣਾ ਪੈਂਦਾ ਹੈ ਕਿਉਂਕਿ ਮੌਕੇ ਉਤੇ ਇਕੱਠੀ ਹੋਈ ਭੀੜ ਅਕਸਰ ਹੀ ਟਰੱਕ ਡਰਾਈਵਰ ਨੂੰ ਹੀ ਦੋਸ਼ੀ ਸਮਝਕੇ ਉਸ ਦੀ ਕੁੱਟ ਮਾਰ ਕਰਦੀ ਹੈ। ਉਹਨਾਂ ਕਿਹਾ ਕਿ ਬਹੁਤ ਵਾਰੀ ਤਾਂ ਭੀੜ ਵਲੋਂ ਡਰਾਈਵਰਾਂ ਨੂੰ ਜਾਨ ਤੋਂ ਵੀ ਮਾਰ ਦਿੱਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਲਈ ਟਰੱਕ ਡਰਾਈਵਰਾਂ ਨੂੰ ਘਟਨਾ ਸਥਾਨ ਤੋਂ ਇਕ ਵਾਰ ਲਾਂਭੇ ਹੋਣਾ ਕਈ ਵਾਰੀ ਉਹਨਾਂ ਦੀ ਮਜ਼ਬੂਰੀ ਬਣ ਜਾਂਦੀ ਹੈ। 

ਕਾਂਗਰਸੀ ਆਗੂ ਨੇ ਕਿਹਾ ਕਿ ਸਰਕਾਰਾਂ ਨੂੰ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੁਲਕ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੇ ਮੁਲਕ ਦੀ ਜਨਤਾ ਨੂੰ ਅਜੇ ਐਨੀ ਸੋਝੀ ਨਹੀਂ ਆਈ ਕਿ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਥਾਂ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।  ਸਿੱਧੂ ਨੇ ਕਿਹਾ ਕਿ ਜਿਹੜੇ ਮੁਲਕਾਂ ਵਿਚ ਇਹ ਕਾਨੂੰਨ ਬਣੇ ਹੋਏ ਹਨ ਉਥੇ ਲੋਕ ਕਦੇ ਵੀ ਕਾਨੂੰਨ ਨੂੰ ਅਪਣੇ ਹੱਥ ਵਿਚ ਨਹੀਂ ਲੈਂਦੇ, ਪਰ ਸਾਡੇ ਮੁਲਕ ਵਿਚ ਤਾਂ ਭੀੜਾਂ ਵਲੋਂ ਅਗਜ਼ਨੀ ਤੇ ਕਤਲਾਂ ਦੀਆਂ ਘਟਨਾਵਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ ਅਤੇ ਕਿਸੇ ਉਤੇ ਕਾਰਵਾਈ ਵੀ ਨਹੀਂ ਹੁੰਦੀ। 

ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਇਸ ਮਾਮਲੇ ਉਤੇ ਗੌਰ ਕਰ ਕੇ ਕਾਨੂੰਨ ਵਿਚ ਅਜਿਹੇ ਤਰੀਕੇ ਦੀ ਸੋਧ ਕਰਨੀ ਚਾਹੀਦੀ ਹੈ ਕਿ ਡਰਾਈਵਰਾਂ ਦੇ ਤੌਖਲੇ ਦੂਰ ਹੋਣ। ਉਹਨਾਂ ਕਿਹਾ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਮੁਲਕ ਦੇ ਪੈਟਰੋਲ ਪੰਪ ਅਤੇ ਸਬਜ਼ੀ ਮੰਡੀਆਂ ਬੰਦ ਹੋ ਜਾਣ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਜਿਸ ਦਾ ਸਰਕਾਰ ਨੂੰ ਤੁਰੰਤ ਕੋਈ ਹੱਲ ਕੱਢਣਾ ਚਾਹੀਦਾ ਹੈ।