2019 ਦਾ ਬਜਟ ਕਿਸਾਨਾਂ, ਨੌਜਵਾਨਾਂ ਲਈ ਨਿਰਾਸ਼ਾਜਨਕ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਅੰਤਰਿਮ ਬਜਟ 2019 ਨੂੰ ਇਕ ਲੋਕ ਲਭਾਊ ਬਜਟ ਕਰਾਰ ਦਿਤਾ.....

Bhagwant Mann

ਚੰਡੀਗੜ੍ਹ (ਨੀਲ) : ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਅੰਤਰਿਮ ਬਜਟ 2019 ਨੂੰ ਇਕ ਲੋਕ ਲਭਾਊ ਬਜਟ ਕਰਾਰ ਦਿਤਾ। ਆਪ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦਾ ਇਹ ਆਖ਼ਰੀ ਬਜਟ ਇਕ ਲੋਕ ਲਭਾਊ ਬਜਟ ਹੈ ਜੋ 2019 ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਦਾ ਇੱਕੋ ਇੱਕ ਉਦੇਸ਼ ਹੈ ਆਮ ਲੋਕਾਂ ਨੂੰ ਪਹਿਲਾਂ ਵਾਂਗ ਜੁਮਲੇਬਾਜ਼ੀ ਰਾਹੀਂ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਮੋਦੀ ਸਰਕਾਰ ਇਸ ਵਿੱਚ ਕਦੇ ਕਾਮਯਾਬ ਨਹੀਂ ਹੋ ਸਕੇਗੀ,

ਕਿਉਂਕਿ ਪਿਛਲੇ ਚਾਰ ਬਜਟ ਵੀ ਇਸੇ ਸਰਕਾਰ ਨੇ ਪੇਸ਼ ਕੀਤੇ ਸਨ ਜਿੰਨਾ ਨੇ ਆਮ ਆਦਮੀ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਆਮ ਲੋਕ ਇਸ ਸਰਕਾਰ ਤੋਂ ਦੁਖੀ ਅਤੇ ਨਿਰਾਸ਼ ਹਨ ਅਤੇ ਇਸ ਗ਼ੁੱਸੇ ਤੋਂ ਬਚਣ ਲਈ ਸਰਕਾਰ ਨੇ ਇਹ ਲੋਕ ਲਭਾਊ ਬਜਟ ਪੇਸ਼ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਬਜਟ ਕਿਸਾਨ, ਨੌਜਵਾਨ ਅਤੇ ਵਿਦਿਆਰਥੀਆਂ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ 'ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ' ਯੋਜਨਾ ਤਹਿਤ 2 ਹੈਕਟੇਅਰ (ਪੰਜ ਏਕੜ) ਤਕ ਜ਼ਮੀਨ ਵਾਲੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੇਣਾ ਉਨ੍ਹਾਂ ਦੇ ਜ਼ਖ਼ਮਾਂ ਉੱਪਰ ਲੂਣ ਸੁੱਟਣ ਬਰਾਬਰ ਹੈ,

ਕਿਉਂਕਿ ਇਸ ਸਮੇਂ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਲਈ ਫ਼ੌਰੀ ਪੂਰਣ ਕਰਜ਼ਾ ਮੁਆਫ਼ੀ ਅਤੇ ਸਵਾਮੀਨਾਥਨ ਦੀਆਂ ਰੀਪੋਰਟਾਂ ਅਨੁਸਾਰ ਫ਼ਸਲਾਂ ਦੇ ਸਹੀਂ ਭਾਅ ਦੇਣ ਦੀ ਲੋੜ ਹੈ। ਪਰ ਸਰਕਾਰ ਅਜਿਹਾ ਕਰਨ ਤੋਂ ਲਗਾਤਾਰ ਪਿੱਛੇ ਹਟਦੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕੀ ਮੋਦੀ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ ਸਵਾਮੀਨਾਥਨ ਰੀਪੋਰਟ ਲਾਗੂ ਕਰੇ ਨਾ ਕੀ ਮਾਮੂਲੀ ਰਾਹਤ ਪੈਕੇਜ ਦੇ ਕੇ ਸੰਕਟ ਨੂੰ ਹੋਰ ਗੰਭੀਰ ਨਾ ਬਣਾਏ ।