ਸੁਖਬੀਰ ਬਾਦਲ ਨੂੰ ਨਸ਼ਈ ਐਲਾਨ ਕਰਨ ਲਈ ਰੈਲੀ ਕੀਤੀ ਜਾਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਸੁਰਖ਼ੀਆਂ ਵਿਚ ਰਹਿਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਪੋਕਸਮੈਨ ਟੀਵੀ 'ਤੇ ਇੰਟਰਵਿਊ ਵਿਚ ਕਈ ਅਹਿਮ ਗੱਲਾਂ ਦੇ ਖ਼ੁਲਾਸੇ ਕੀਤੇ

Kulbir Singh Zira

ਚੰਡੀਗੜ੍ਹ (ਸਪੋਕਸਮੈਨ ਬਿਊਰੋ) : ਪਿਛਲੇ ਦਿਨੀਂ ਸੁਰਖ਼ੀਆਂ ਵਿਚ ਰਹਿਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਪੋਕਸਮੈਨ ਟੀਵੀ 'ਤੇ ਇੰਟਰਵਿਊ ਵਿਚ ਕਈ ਅਹਿਮ ਗੱਲਾਂ ਦੇ ਖ਼ੁਲਾਸੇ ਕੀਤੇ ਅਤੇ ਇਸ ਦੇ ਨਾਲ ਹੀ ਅਕਾਲੀਆਂ 'ਤੇ ਕਈ ਤਰ੍ਹਾਂ ਦੇ ਨਿਸ਼ਾਨੇ ਵੀ ਸਾਧੇ। ਜ਼ੀਰਾ ਨੇ ਸੁਖਬੀਰ ਬਾਦਲ ਨੂੰ ਡੋਪ ਟੈਸਟ ਦਾ ਖੁਲ੍ਹਾ ਚੈਲੇਜ ਦੇਣ 'ਤੇ ਗੱਲਬਾਤ ਕਰਦਿਆਂ ਦਸਿਆ ਕਿ ਮੈਂ ਨਸ਼ਿਆਂ ਵਿਰੁਧ ਬਹੁਤ ਵੱਡਾ ਕਦਮ ਚੁੱਕਿਆ ਸੀ ਪਰ ਸੁਖਬੀਰ ਬਾਦਲ ਨੇ ਉਲਟਾ ਮੇਰੇ ਉਪਰ ਨਸ਼ਾ ਕਰਨ ਦੇ ਕਈ ਵਾਰ ਦੋਸ਼ ਲਾਏ। ਇਸ ਤੋਂ ਬਾਅਦ ਮੀਡੀਆ ਵਲੋਂ ਮੇਰੇ ਉਪਰ ਨਸ਼ੇ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ।

ਇਹ ਸਭ ਵੇਖਦੇ ਹੋਏ ਉਨ੍ਹਾਂ ਸੁਖਬੀਰ ਨੂੰ ਡੋਪ ਟੈਸਟ ਕਰਵਾਉਣ ਦਾ ਖੁਲ੍ਹਾ ਚੈਲੇਜ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ 'ਜ਼ੀਰਾ ਕੌਣ' ਕਹਿਣ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਖਬੀਰ ਖ਼ੁਦ ਨਸ਼ਾ ਕਰਦਾ ਹੈ। ਜਿਹੜਾ ਬੰਦ ਖ਼ੁਦ ਨਸ਼ਾ ਕਰਦਾ ਹੋਵੇ ਉਹ ਕਦੀ ਦੂਜਿਆਂ ਨੂੰ ਨਸ਼ੇ ਵਲ ਜਾਣ ਤੋਂ ਨਹੀਂ ਰੋਕੇਗਾ ਅਤੇ ਇਹੀ ਕੰਮ ਸੁਖਬੀਰ ਕਰ ਰਿਹਾ ਹੈ। ਸੁਖਬੀਰ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ 'ਪਿਤਾ ਸਮਾਨ' ਕਹਿਣ ਦੀ ਗੱਲ ਉਤੇ ਜ਼ੀਰਾ ਨੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਜਿਹੜਾ ਬੰਦਾ ਅਪਣੇ ਪਿਉ ਨੂੰ ਨਹੀਂ ਜਾਣਦਾ ਉਹ ਕੁਲਬੀਰ ਸਿੰਘ ਜ਼ੀਰਾ ਨੂੰ ਵੀ ਭੁੱਲ ਸਕਦਾ ਹੈ।

ਡੋਪ ਟੈਸਟ ਕਰਵਾਉਣ ਦਾ ਇਕੋ ਇਕ ਕਾਰਨ ਸੀ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੁਲਬੀਰ ਨਸ਼ੇੜੀ ਹੈ ਜਾਂ ਸੁਖਬੀਰ। ਇਸ ਲਈ ਮੈਂ ਸਰਕਾਰ ਨੂੰ ਡੋਪ ਟੈਸਟ ਕਰਵਾਉਣ ਲਈ ਮੰਗ ਕੀਤੀ ਸੀ ਅਤੇ ਉਥੇ 5 ਮੈਂਬਰੀ ਡਾਕਟਰਾਂ ਦੀ ਟੀਮ ਡੋਪ ਟੈਸਟ ਲਈ ਵੀ ਪਹੁੰਚੀ ਸੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸੱਚਾ ਹੈ ਤਾਂ ਆ ਕੇ ਡੋਪ ਟੈਸਟ ਕਰਵਾਏ। ਇਸ ਦੇ ਲਈ ਇਕ ਮਹੀਨੇ ਦਾ ਸਮਾਂ ਵੀ ਦਿਤਾ ਹੈ। ਜੇਕਰ ਸੁਖਬੀਰ ਇਕ ਮਹੀਨੇ ਦੇ ਅੰਦਰ ਡੋਪ ਟੈਸਟ ਨਹੀਂ ਕਰਵਾਏਗਾ ਤਾਂ 1 ਮਾਰਚ ਤੋਂ ਮੈਂ ਖ਼ੁਦ 117 ਹਲਕਿਆਂ ਵਿਚ ਜਾ ਕੇ ਦਸਤਖ਼ਤ ਮੁਹਿੰਮ ਸ਼ੁਰੂ ਕਰਾਂਗਾ।

ਇਸ ਤੋਂ ਬਾਅਦ ਇਕ ਵੱਡੀ ਰੈਲੀ ਰੱਖ ਕੇ ਸੁਖਬੀਰ ਸਿੰਘ ਬਾਦਲ ਨੂੰ ਨਸ਼ੇੜੀ ਘੋਸ਼ਿਤ ਕੀਤਾ ਜਾਵੇਗਾ। ਪੰਚਾਂ ਅਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਜ਼ੀਰਾ ਵਲੋਂ ਨਸ਼ਿਆਂ ਦੇ ਮੁੱਦੇ 'ਤੇ ਖੁਲ੍ਹ ਕੇ ਬੋਲਣ ਨੂੰ ਲੈ ਕੇ ਕੁਲਬੀਰ ਜ਼ੀਰਾ ਨੇ ਦਸਿਆ ਕਿ ਮੇਰੇ ਸ਼ਬਦਾਂ ਦਾ ਗ਼ਲਤ ਮਤਲਬ ਕਢਿਆ ਗਿਆ ਸੀ ਪਰ ਜਦੋਂ ਮੈਂ ਕੈਪਟਨ ਸਾਹਬ ਅੱਗੇ ਅਪਣਾ ਪੱਖ ਰੱਖਿਆ ਤਾਂ ਉਨ੍ਹਾਂ ਨੇ ਮੈਨੂੰ ਸਮਝਿਆ। ਸੁਖਬੀਰ ਬਾਦਲ ਨੂੰ ਪੁੱਛੇ ਗਏ ਤੀਜੇ ਸਵਾਲ ਨੂੰ ਲੈ ਕੇ ਉਨ੍ਹਾਂ ਦਸਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਕ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਉਸ ਦਾ ਸਾਰਾ ਪਰਵਾਰ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ

ਪਰ ਸੁਖਬੀਰ ਬਾਦਲ ਦੇ ਅੱਜ ਤਕ ਸ੍ਰੀ ਸਾਹਿਬ ਨਹੀਂ ਵੇਖਿਆ ਅਤੇ ਨਾ ਹੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸ੍ਰੀ ਸਾਹਿਬ ਧਾਰਨ ਕੀਤਾ ਹੋਇਆ ਵੇਖਿਆ ਗਿਆ। ਦੂਜੀ ਗੱਲ ਜੇਕਰ ਸੁਖਬੀਰ ਅੰਮ੍ਰਿਤਧਾਰੀ ਹੈ ਤਾਂ ਫਿਰ ਅਪਣਾ ਦਾੜ੍ਹਾ ਪ੍ਰਕਾਸ਼ ਕਿਉਂ ਨਹੀਂ ਕਰ ਕਰਦਾ। ਗੱਲਬਾਤ ਦੌਰਾਨ ਜ਼ੀਰਾ ਨੇ ਅਪਣੇ ਚੌਥੇ ਸਵਾਲ ਦਾ ਖ਼ੁਲਾਸਾ ਕਰਦੇ ਹੋਏ ਦਸਿਆ ਕਿ ਬਾਦਲ ਪਰਵਾਰ ਵਲੋਂ ਸ੍ਰੀ ਦਰਬਾਰ ਸਾਹਿਬ ਜਾ ਕੇ ਮਾਫ਼ੀ ਮੰਗੀ ਗਈ। ਇਹ ਮਾਫ਼ੀ ਕਿਸ ਲਈ ਮੰਗੀ ਸੀ, ਬਹਿਬਲ ਕਲਾਂ ਵਿਚ ਬੇਅਦਬੀ ਕਰਵਾਉਣ ਜਾਂ ਫਿਰ ਸੌਦਾ ਸਾਦ ਰਾਮ ਰਹੀਮ ਨੂੰ ਮਾਫ਼ੀ ਦੇਣ ਲਈ।

ਪੰਜਵੇਂ ਸਵਾਲ 'ਕਿਸ ਵਰਗੇ ਟਕਸਾਲੀ ਹਨ' ਦਾ ਖ਼ੁਲਾਸਾ ਕਰਦੇ ਹੋਏ ਦਸਿਆ ਕਿ ਇਸ ਸਵਾਲ ਵਿਚ ਪੰਜ ਨਾਮ ਹਨ ਜਿਨ੍ਹਾਂ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸ਼ੇਖਵਾਂ, ਰਤਨ ਸਿੰਘ ਅਜਨਾਲਾ ਅਤੇ ਸੁਖਦੇਵ ਸਿੰਘ ਢੀਂਡਸਾ। ਉਨ੍ਹਾਂ ਦਸਿਆ ਕਿ ਪ੍ਰਕਾਸ਼ ਬਾਦਲ ਨੂੰ ਪੰਜ ਵਾਰ ਮੁੱਖ ਮੰਤਰੀ ਬਣਾਉਣ ਪਿੱਛੇ ਇਨ੍ਹਾਂ ਦਾ ਬਹੁਤ ਵੱਡਾ ਹੱਥ ਸੀ ਪਰ ਬਾਦਲਾਂ ਨੂੰ ਇਨ੍ਹਾਂ ਵਰਗੇ ਚੰਗੇ ਨਹੀਂ ਲੱਗਦੇ ਸਗੋਂ ਸੁੱਚਾ ਸਿੰਘ ਲੰਗਾਹ ਵਰਗੇ ਚੰਗੇ ਲੱਗਦੇ ਹਨ। ਉਨ੍ਹਾਂ ਨੇ ਸਵਾਲ ਨੂੰ ਸਪੱਸ਼ਟ ਕਰਦੇ ਹੋਏ ਦਸਿਆ ਕਿ ਮੇਰਾ ਸਵਾਲ ਸੁਖਬੀਰ ਬਾਦਲ ਨੂੰ ਇਹ ਸੀ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਟਕਸਾਲੀ ਅਕਾਲੀ ਚਾਹੀਦੇ ਹਨ, ਬ੍ਰਹਮਪੁਰਾ ਵਰਗੇ ਜਾਂ ਫਿਰ ਸੁੱਚਾ ਸਿੰਘ ਲੰਗਾਹ ਵਰਗੇ।