ਬਰਗਾੜੀ ਮੋਰਚੇ ਦੇ ਆਗੂਆਂ ਵਲੋਂ ਲੋਕ ਸਭਾ ਚੋਣਾਂ 'ਚ ਡਟਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਮੋਰਚੇ ਦੇ ਆਗੂਆਂ ਨੇ ਹੁਣ ਸੂਬੇ 'ਚ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਹਰਾਉਣ ਲਈ ਪੀ.ਡੀ.ਏ ਨਾਲ ਮਿਲ ਕੇ ਲੋਕ ਸਭਾ ਚੋਣਾਂ 'ਚ ਡਟਣ ਦਾ ਐਲਾਨ ਕੀਤਾ ਹੈ.....

Bargahri Morcha Leaders

ਬਠਿੰਡਾ : ਬਰਗਾੜੀ ਮੋਰਚੇ ਦੇ ਆਗੂਆਂ ਨੇ ਹੁਣ ਸੂਬੇ 'ਚ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਹਰਾਉਣ ਲਈ ਪੀ.ਡੀ.ਏ ਨਾਲ ਮਿਲ ਕੇ ਲੋਕ ਸਭਾ ਚੋਣਾਂ 'ਚ ਡਟਣ ਦਾ ਐਲਾਨ ਕੀਤਾ ਹੈ। ਅੱਜ ਸਥਾਨਕ ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ''ਬਰਗਾੜੀ ਮੋਰਚੇ ਦੇ ਸਦਕਾ ਹੀ ਬਾਦਲ ਦਲ ਖੇਰੂ-ਖੇਰੂ ਹੋਇਆ ਤੇ ਕੈਪਟਨ ਸਰਕਾਰ ਨੂੰ ਸਿੱਖਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ ਹੈ।'' ਯੂਨਾਇਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ

ਅਤੇ ਗੁਰਸੇਵਕ ਸਿੰਘ ਜਵਾਹਕੇ ਆਦਿ ਨੇ ਦਾਅਵਾ ਕੀਤਾ ਕਿ ਬਰਗਾੜੀ ਮੋਰਚੇ ਦੀ ਅਹਿਮੀਅਤ ਘਟਾਉਣ ਲਈ ਵਿਰੋਧੀ ਇਸ ਮੋਰਚੇ ਦੀਆਂ ਪ੍ਰਾਪਤੀਆਂ 'ਤੇ ਉਂਗਲ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੋਰਚੇ ਦੇ ਦਬਾਅ ਦੀ ਬਦੌਲਤ ਹੀ ਸਰਕਾਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਲਾਗੂ ਕਰਨਾ ਪਿਆ ਤੇ ਗੋਲੀ ਚਲਾਉਣ ਵਾਲੇ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਵੱਡੇ ਅਫ਼ਸਰਾਂ ਤੇ ਲੀਡਰਾਂ ਨੂੰ ਹੱਥ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਬਹਿਬਲ ਕਲਾਂ ਗੋਲੀ ਕਾਂਡ 'ਚ ਮਰੇ ਅਤੇ ਜ਼ਖ਼ਮੀ ਹੋਏ ਸਿੱਖਾਂ ਦੇ ਪ੍ਰਵਾਰਾਂ ਨੂੰ ਵੱਡੇ ਮੁਆਵਜ਼ੇ ਦੇਣੇ ਪਏ।

ਮੋਰਚੇ ਨਾਲ ਸਬੰਧਤ ਰਹੇ ਇਨ੍ਹਾਂ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਦਹਾਕਿਆਂ ਤੋਂ ਪੰਜਾਬ ਤੇ ਬਾਹਰਲੀਆਂ ਜੇਲਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਅਮਲ ਵੀ ਸ਼ੁਰੂ ਹੋਇਆ ਹੈ ਜਿਸ ਤਹਿਤ ਦਿਲਬਾਗ ਸਿੰਘ ਬਾਹਰ ਆਏ ਹਨ ਤੇ ਹਰਨੇਕ ਸਿੰਘ ਭੱਪ ਦੀ ਜੇਲ ਬਦਲੀ ਤੋਂ ਇਲਾਵਾ ਗੁਰਦੀਪ ਸਿੰਘ ਖੇੜਾ ਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਹੋਈ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੀ ਮੰਗ 'ਤੇ ਹੀ ਪੰਜਾਬ ਸਰਕਾਰ ਵਲੋਂ ਸੀ.ਬੀ.ਆਈ ਨੂੰ ਬੇਅਦਬੀ ਤੇ ਗੋਲੀ ਕਾਂਡ ਦੀ ਦਿਤੀ ਪੜਤਾਲ ਵਾਪਸ ਲੈ ਕੇ ਐਸ.ਆਈ.ਟੀ ਨੂੰ ਸੌਂਪੀ ਹੈ।

ਪੰਥਕ ਆਗੂਆਂ ਨੇ ਇਸ ਮੌਕੇ ਇਹ ਵੀ ਦਾਅਵਾ ਕੀਤਾ ਕਿ ਬਰਗਾੜੀ ਮੋਰਚੇ ਦੇ ਨਤੀਜਿਆਂ ਕਾਰਨ ਹੀ ਹੁਣ ਤਕ ਪੰਜਾਬ ਦੀ ਸੱਤਾ 'ਤੇ ਕਾਬਜ਼ ਚਲੇ ਆ ਰਹੇ ਬਾਦਲ ਦਲ 'ਚ ਵੱਡੇ ਆਗੂਆਂ ਨੇ ਬਗ਼ਾਵਤ ਕੀਤੀ ਹੈ ਜਿਸ ਕਾਰਨ ਅੱਜ ਇਹ ਦਲ ਖ਼ਤਮ ਹੋਣ ਦੀ ਕਗਾਰ 'ਤੇ ਪੁੱਜ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਜਲਦੀ ਹੀ ਬਾਕੀ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਤੋਂ ਇਲਾਵਾ ਤੱਤਕਾਲੀ ਮੁੱਖ ਮੰਤਰੀ, ਗ੍ਰਹਿ ਮੰਤਰੀ, ਪੁਲਿਸ ਮੁਖੀ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਗ੍ਰਿਫ਼ਤਾਰ ਕਰ ਕੇ ਬੇਅਦਬੀ ਦੇ ਸਾਰੇ ਕੇਸਾਂ ਨੂੰ ਹੱਲ ਕਰੇ।

ਆਗਾਮੀ ਲੋਕ ਸਭਾ ਚੋਣਾਂ ਦੀ ਗੱਲ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਡੈਮੋਕਰੇਟਿਕ ਫ਼ਰੰਟ ਨਾਲ ਮਿਲ ਕੇ ਇਹ ਚੋਣਾਂ ਲੜਣਗੇ ਤੇ ਇਸ ਲਈ ਕਾਂਗਰਸ ਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਸਾਹਮਣੇ ਇਕ ਉਮੀਦਵਾਰ ਦੀ ਨੀਤੀ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਬਰਗਾੜੀ ਮੋਰਚੇ ਦੇ ਆਗੂ ਤੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਇਨ੍ਹਾਂ ਚੋਣਾਂ 'ਚ ਅਗਵਾਈ ਦੇਣ ਦੀ ਅਪੀਲ ਕੀਤੀ। ਇਸ ਮੌਕੇ ਰਣਜੀਤ ਸਿੰਘ ਸੰਘੇੜਾ, ਗੁਰਨੈਬ ਸਿੰਘ, ਪਰਵਿੰਦਰ ਸਿੰਘ ਬਾਲਿਆਵਾਲੀ, ਗਮਦੂਰ ਸਿੰਘ ਆਦਿ ਵੀ ਹਾਜ਼ਰ ਸਨ।