ਫਰੀਦਕੋਟ ‘ਚ ਅੱਜ ਵੰਡੇ ਜਾਣਗੇ ਕਰਜ਼ ਮਾਫ਼ੀ ਸਰਟੀਫਿਕੇਟ, ਅਕਾਲੀ ਪਰਵਾਰ ਚੁੱਕ ਰਹੇ ਨੇ ਫਾਇਦਾ
ਕਾਂਗਰਸ ਸਰਕਾਰ ਦੀ ਕਿਸਾਨ ਕਰਜ਼ ਮਾਫ਼ੀ ਸਕੀਮ ਦੀ ਸੂਚੀ ਵਿਚ ਫਰੀਦਕੋਟ ਤੋਂ ਸਬੰਧਤ ਅਮੀਰ ਅਕਾਲੀਆਂ...
ਚੰਡੀਗੜ੍ਹ : ਕਾਂਗਰਸ ਸਰਕਾਰ ਦੀ ਕਿਸਾਨ ਕਰਜ਼ ਮਾਫ਼ੀ ਸਕੀਮ ਦੀ ਸੂਚੀ ਵਿਚ ਫਰੀਦਕੋਟ ਤੋਂ ਸਬੰਧਤ ਅਮੀਰ ਅਕਾਲੀਆਂ ਦੇ ਪਰਵਾਰਾਂ ਦੇ ਨਾਂਅ ਵੀ ਸ਼ਾਮਲ ਹਨ। ਧਿਆਨ ਯੋਗ ਹੈ ਕਿ ਫਰੀਦਕੋਟ ਵਿਚ ਦੋ ਫਰਵਰੀ ਨੂੰ ਕਿਸਾਨ ਕਰਜ ਮਾਫ਼ੀ ਦਾ ਸਮਾਗਮ ਹੋਵੇਗਾ। ਇਸ ਵਿਚ ਜ਼ਿਲ੍ਹੇ ਦੇ 5059 ਕਿਸਾਨਾਂ ਦਾ 31 ਕਰੋੜ 64 ਲੱਖ ਹਜਾਰ ਰੁਪਏ ਕਰਜ ਮਾਫ਼ ਕੀਤਾ ਜਾਵੇਗਾ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਥੇ ਕਿਸਾਨਾਂ ਨੂੰ ਕਰਜ਼ ਮਾਫ਼ੀ ਦੇ ਪ੍ਰਮਾਣ ਪੱਤਰ ਵੰਡੇ ਜਾਣਗੇ।
ਸੂਤਰਾਂ ਦੇ ਅਨੁਸਾਰ ਕਰਜ ਮਾਫ਼ੀ ਦੀ ਸੂਚੀ ਵਿਚ ਸਾਬਕਾ ਅਕਾਲੀ ਮੰਤਰੀ ਜਸਵਿੰਦਰ ਸਿੰਘ ਬਰਾੜ ਦੀ ਪਤਨੀ ਅਤੇ ਜ਼ਿਲ੍ਹਾ ਮੁਖੀ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਮਾਤਾ ਮਨਜੀਤ ਕੌਰ ਬਰਾੜ ਦਾ 89 ਹਜ਼ਾਰ 137 ਰੁਪਏ ਦਾ ਕਰਜ ਹੈ। ਇਸੇ ਤਰ੍ਹਾਂ ਅਕਾਲੀ ਦਲ ਨੂੰ ਛੱਡ ਚੁੱਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐਸਜੀਪੀਸੀ ਮੈਂਬਰ ਮੱਖਣ ਸਿੰਘ ਨੰਗਲ ਦਾ ਵੀ ਇਕ ਲੱਖ 66 ਹਜ਼ਾਰ 618 ਰੁਪਏ ਦਾ ਕਰਜ਼ ਮਾਫ਼ ਕੀਤਾ ਜਾ ਰਿਹਾ ਹੈ।
ਸੂਚੀ ਵਿਚ ਐਸਜੀਪੀਸੀ ਮੈਂਬਰ ਸ਼ੇਰ ਸਿੰਘ ਮੰਡਵਾਲਾ ਦੀ ਪਤਨੀ ਜਸਵੀਰ ਕੌਰ, ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਦੇ ਭਰਾ ਜਸਵਿੰਦਰ ਸਿੰਘ, ਸਾਬਕਾ ਅਕਾਲੀ ਨੇਤਾ ਦਰਸ਼ਨ ਸਿੰਘ, ਮੋਹਨ ਸਿੰਘ ਭਾਣਾ ਸਮੇਤ ਕਈ ਅਕਾਲੀ ਨੇਤਾਵਾਂ ਦੇ ਨਾਂਅ ਸ਼ਾਮਲ ਹਨ ਜਿਨ੍ਹਾਂ ਦਾ ਸਰਕਾਰ ਨੇ ਕਰਜ਼ਾ ਮਾਫ਼ ਕੀਤਾ ਹੈ। ਇਸ ਨੇਤਾਵਾਂ ਦੇ ਕੋਲ ਚੰਗੀ ਖਾਸੀ ਜ਼ਮੀਨ ਜਾਇਦਾਦ ਹੈ ਅਤੇ ਕਈਆਂ ਦੇ ਬੱਚੇ ਤਾਂ ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ ਹਨ। ਕਰਜ਼ ਮਾਫ਼ੀ ਦਾ ਮੁਨਾਫ਼ਾ ਸਰਕਾਰੀ ਨਿਯਮਾਂ ਦੇ ਮੁਤਾਬਕ ਹੀ ਦਿਤਾ ਜਾ ਰਿਹਾ ਹੈ। ਨਿਯਮ ਦੇ ਮੁਤਾਬਕ ਪੰਜ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ ਮਾਫ਼ ਕੀਤਾ ਜਾਂਦਾ ਹੈ।