ਭਾਜਪਾ ਦੀਆਂ ਕਾਰਵਾਈਆਂ ਤੋਂ ਅਕਾਲੀ ਦਲ ਪੂਰੀ ਤਰ੍ਹਾਂ ਦੁਖੀ
ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਪਹਿਲਾਂ ਹੀ ਭਾਜਪਾ ਸਰਕਾਰ ਦੇ ਰਵਈਏ ਤੋਂ ਦੁਖੀ ਸੀ ਅਤੇ ਅੱਜ ਦੇ ਕੇਂਦਰੀ ਬਜਟ ਵਿਚ ਕਿਸਾਨਾਂ ਲਈ ਕੋਈ ਖਾਸ ਰਾਹਤ ਨਾ ਦੇਣ ਕਾਰਨ ....
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਪਹਿਲਾਂ ਹੀ ਭਾਜਪਾ ਸਰਕਾਰ ਦੇ ਰਵਈਏ ਤੋਂ ਦੁਖੀ ਸੀ ਅਤੇ ਅੱਜ ਦੇ ਕੇਂਦਰੀ ਬਜਟ ਵਿਚ ਕਿਸਾਨਾਂ ਲਈ ਕੋਈ ਖਾਸ ਰਾਹਤ ਨਾ ਦੇਣ ਕਾਰਨ ਹੁਣ ਅਕਾਲੀ ਦਲ ਭਾਜਪਾ ਦਾ ਗਠਜੋੜ ਕਿਸੀ ਵੀ ਸਮੇਂ ਟੁਟ ਸਕਦਾ ਹੈ। ਭਾਜਪਾ ਵਲੋਂ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲ ਅੰਦਾਜੀ ਦੇ ਮੁੱਦੇ ਨੂੰ ਲੈ ਕੇ ਪਿਛਲੇ ਦਿਨ ਅਕਾਲੀ ਦਲ ਨੇ ਐਨ.ਡੀ.ਏ. ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ। ਪਰ ਭਾਜਪਾ ਦੇ ਕਿਸੀ ਵੀ ਮੰਤਰੀ ਨੇ ਅਜੇ ਤਕ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮਨਾਉਣ ਦੀ ਕੋਈ ਪਹਿਲ ਨਹੀਂ ਕੀਤੀ ਹੈ,
ਨਾ ਹੀ ਸ੍ਰੀ ਹਜ਼ੂਰ ਸਾਹਿਬ ਨੰਦੇੜ ਗੁਰਦਵਾਰਾ ਬੋਰਡ ਦੇ ਨਿਯਮਾਂ ਵਿਚ ਅਕਾਲੀ ਦਲ ਦੀ ਮੰਗ ਅਨੁਸਾਰ ਕੋਈ ਸੋਧ ਕੀਤੀ ਹੈ। ਇਸ ਤੋਂ ਲਗਦਾ ਹੈ ਕਿ ਭਾਜਪਾ ਅਕਾਲੀ ਦਲ ਦੀ ਪਰਵਾਹ ਨਹੀਂ ਕਰ ਰਿਹਾ। ਅੱਜ ਦੇ ਬਜਟ ਅਨੁਸਾਰ ਕਿਸਾਨਾਂ ਲਈ ਕੀਤੇ ਗਏ ਐਲਾਨ ਨੂੰ ਵੀ ਅਕਾਲੀ ਦਲ ਕਿਸਾਨ ਲਈ ਮਜ਼ਾਕ ਮੰਨਦਾ ਹੈ। ਅਕਾਲੀ ਦਲ ਨੂੰ ਆਸ ਸੀ ਕਿ ਕਿਸਾਨਾਂ ਨੁੰ ਕੋਈ ਵੱਡੀ ਰਹਤ ਦਿਤੀ ਜਾਵੇਗੀ। ਧਾਰਮਕ ਮਾਮਲਿਆਂ ਵਿਚ ਭਾਜਪਾ ਦੇ ਦਖ਼ਲ ਦੇ ਮੁੱਦੇ 'ਤੇ ਅਕਾਲੀ ਦਲ ਨੇ ਪਹਿਲਾਂ ਹੀ ਕੋਰ ਕਮੇਟੀ ਦੀ ਮੀਟਿੰਗ 3 ਫ਼ਰਵਰੀ ਨੂੰ ਬੁਲਾਈ ਹੈ।
ਇਸ ਮੀਟਿੰਗ ਵਿਚ ਜਿਵੇ ਕਿਸਾਨਾਂ ਅਤੇ ਧਾਰਮਕ ਅਦਾਰਿਆਂ ਵਿਚ ਭਾਜਪਾ ਦੇ ਦਖ਼ਲ ਦਾ ਮੁਦਾ ਵਿਚਾਰਿਆ ਜਾਵੇਗਾ ਉਥੇ ਅਕਾਲੀ ਦਲ ਵਿਚ ਫੁਟ ਪਾਉਣ ਅਤੇ ਅਕਾਲੀ ਦਲ ਦੇ ਕਾਡਰ ਨੂੰ ਖੋਰਾ ਲਾਉਣ ਦੇ ਮੁੱਦੇ 'ਤੇ ਵੀ ਵਿਚਾਰ ਵਟਾਂਦਰਾ ਹੋਗੇਗਾ। ਮਿਲੀ ਜਾਣਕਾਰੀ ਅਨੁਸਾਰ ਕੋਰ ਕਮੇਟੀ ਦੀ ਮੀਟਿੰਗ ਵਿਚ ਤੋੜ ਵਿਛੋੜੇ ਦੇ ਮੁੱਦੇ ਬਾਰੇ ਵੀ ਫ਼ੈਸਲਾ ਹੋ ਸਕਦਾ ਹੈ। ਕਿਸਾਨਾਂ ਨੂੰ ਬਜਟ ਵਿਚ ਕੋਈ ਰਾਹਤ ਨਾ ਮਿਲਣ ਦਾ ਬੇਸ਼ਕ ਅਕਾਲੀ ਦਲ ਲਈ ਅਹਿਮ ਮੁੱਦਾ ਹੈ ਪਰ ਅਸਲ ਵਿਚ ਭਾਜਪਾ ਵਲੋਂ ਅਕਾਲੀ ਦਲ ਵਿਚ ਫੁਟ ਪਾਉਣ ਦੀਆਂ ਕਾਰਵਾਈਆਂ ਕਾਰਨ ਅਕਾਲੀ ਦਲ ਦੀ ਲੀਡਰ ਸ਼ਿਪ ਜ਼ਿਆਦਾ ਦੁਖੀ ਹੈ।
ਬਜਟ ਵਿਚ ਹੋਰ ਵਰਗਾਂ ਨੂੰ ਦਿਤੀਆਂ ਸਹੂਲਤਾਂ ਨੂੰ ਵੇਖਦਿਆਂ ਵੀ ਅਕਾਲੀ ਦਲ ਦੇ ਲੀਡਰ ਦੁਖੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੇਜ਼ਮੀਨੇ ਲੋਕਾਂ ਨੂੰ 60 ਸਾਲ ਦੀ ਉਮਰ ਹੋ ਜਾਣ 'ਤੇ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ ਉਥੇ ਕਿਸਾਨਾਂ ਲਈ ਕੁਝ ਵੀ ਨਹੀਂ ਰਖਿਆ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ 2-4 ਏਕੜ ਵਾਲਾ ਕਿਸਾਨ ਤਾਂ ਮਜ਼ਦੂਰ ਤੋਂ ਵੀ ਜ਼ਿਆਦਾ ਬੁਰੀ ਹਾਲਤ ਵਿਚ ਹੈ। ਛੋਟੇ ਕਿਸਾਨਾਂ ਨੂੰ ਬੁਢਾਪੇ ਵਿਚ ਇਸ ਸਕੀਮ ਤੋਂ ਬਾਹਰ ਰਖਦਾ ਵੀ ਅਕਾਲੀ ਦਲ ਲਈ ਦੁਖਦਾਈ ਹੈ। ਅਕਾਲੀ ਦਲ ਦੇ ਨੇਤਾ ਮੰਨਦੇ ਹਨ ਕਿ ਭਾਜਪਾ ਨਾਲ ਗਠਜੋੜ, 1997 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਇਸ ਲਈ ਕੀਤਾ ਗਿਆ ਸੀ
ਤਾਂ ਜੋ ਪੰਜਾਬ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ। ਉਸ ਸਮੇਂ ਪੰਜਾਬ ਦੇ ਹਾਲਾਤ ਵੀ ਮਾੜੇ ਸਨ। ਅਸਲੀ ਭਾਈਚਾਰਕ ਸਾਂਝ ਵਿਚ ਵੀ ਤਰੇੜਾਂ ਸਨ। ਪਰ 2014 ਵਿਚ ਜਦੋਂ ਤੋਂ ਕੇਂਦਰ ਵਿਚ ਭਾਜਪਾ ਸਰਕਾਰ ਬਣੀ ਹੈ ਭਾਜਪਾ ਲਗਾਤਾਰ ਅਕਾਲੀ ਦਲ ਨੂੰ ਕਮਜੋਰ ਕਰਨ ਦੀਆਂ ਚਾਲਾਂ ਚਲਦੀ ਆ ਰਹੀ ਹੈ। ਸਮਝੌਤੇ ਅਨੁਸਾਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਜਪਾ ਕਾਡਰ ਦੀ ਵੋਟ ਵੀ ਨਹੀਂ ਜਦਕਿ ਅਕਾਲੀ ਦਲ ਦੀਆਂ ਵੋਟਾਂ ਭਾਜਪਾ ਉਮੀਦਵਾਰਾਂ ਨੂੰ ਪੈਣੀਆਂ ਹਨ। ਅਕਾਲੀ ਦਲ ਦੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਭਾਜਪਾ ਨਾਲ ਸਾਂਝ ਪਾ ਕੇ ਅਕਾਲੀ ਦਲ ਨੇ ਅਪਣਾ ਪੁਰਾਣਾ ਵੋਟ ਬੈਂਕ ਗੁਆ ਲਿਆ ਹੈ। ਇਸ ਲਈ ਜਿਤਨੀ ਜਲਦੀ ਸਾਂਝ ਤੋੜ ਲਈ ਜਾਵੇ ਠੀਕ ਹੋਵੇਗਾ।