ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਖੋਜ ਲਈ ਮੀਟਿੰਗਾਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਭਾਵਤ ਤੌਰ 'ਤੇ ਅਪ੍ਰੈਲ ਅਤੇ ਮਈ ਮਹੀਨੇ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਖ਼ੋਜ ਲਈ ਮੀਟਿੰਗਾਂ ਸ਼ੁਰੂ ਕਰ ਦਿਤੀਆਂ ਹਨ.....

Punjab Congress

ਬਠਿੰਡਾ : ਸੰਭਾਵਤ ਤੌਰ 'ਤੇ ਅਪ੍ਰੈਲ ਅਤੇ ਮਈ ਮਹੀਨੇ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਖ਼ੋਜ ਲਈ ਮੀਟਿੰਗਾਂ ਸ਼ੁਰੂ ਕਰ ਦਿਤੀਆਂ ਹਨ। ਭਲਕੇ ਚੰਡੀਗੜ੍ਹ ਵਿਖੇ ਲੋਕ ਸਭਾ ਹਲਕਾ ਬਠਿੰਡਾ, ਖਡੂਰ ਸਾਹਿਬ ਅਤੇ ਫ਼ਿਰੋਜ਼ਪੁਰ ਲਈ ਉਕਤ ਹਲਕਿਆਂ ਦੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦ ਲਈ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਵਿਚ ਪੰਜਾਬ ਮਾਮਲਿਆਂ ਦੀ ਪਾਰਟੀ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਰਹੇ ਹਨ।

ਪੰਜਾਬ ਕਾਂਗਰਸ ਭਵਨ 'ਚ ਹੋਣ ਵਾਲੀ ਇਸ ਮੀਟਿੰਗ ਵਿਚ ਉਕਤ ਤਿੰਨਾਂ ਹਲਕਿਆਂ ਦੇ ਸੰਭਾਵਤ ਉਮੀਦਵਾਰਾਂ ਬਾਰੇ ਚਰਚਾ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਮੀਟਿੰਗ ਵਿਚ ਵਿਸਥਾਰ ਨਾਲ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਬਾਰੇ ਸਬੰਧਤ ਹਲਕਿਆਂ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਅਤੇ ਇੰਚਾਰਜਾਂ ਦੇ ਨਾਮ ਲਏ ਜਾਣਗੇ। ਦਸਣਾ ਬਣਦਾ ਹੈ ਕਿ ਰਸਮੀ ਤੌਰ 'ਤੇ ਲੋਕ ਸਭਾ ਲਈ ਉਮੀਦਵਾਰਾਂ ਦੀ ਚੋਣ ਕਰਨ ਵਾਸਤੇ ਕਾਂਗਰਸ ਪਾਰਟੀ ਵਲੋਂ ਇਹ ਪਹਿਲੀ ਮੀਟਿੰਗ ਕੀਤੀ ਜਾ ਰਹੀ ਹੈ।

ਉਂਜ ਇੰਨ੍ਹਾਂ ਹਲਕਿਆਂ 'ਚ ਪਾਰਟੀ ਉਮੀਦਾਵਰ ਬਣਨ ਵਾਲੇ ਆਗੂਆਂ ਬਾਰੇ ਪਿਛਲੇ ਲੰਮੇ ਸਮੇਂ ਤੋਂ ਚਰਚਾਵਾਂ ਦਾ ਬਜ਼ਾਰ ਗ਼ਰਮ ਹੈ। ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਲਈ ਕਾਂਗਰਸ ਵਲਂੋ ਕੇਂਦਰੀ ਮੰਤਰੀ ਅਤੇ ਇਸ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਵੱਡਾ ਸਿਆਸੀ ਚਿਹਰਾ ਉਤਾਰਨ ਦੀ ਚਰਚਾ ਚੱਲ ਰਹੀ ਹੈ। ਕਾਂਗਰਸ ਦੇ ਸੂਤਰਾਂ ਮੁਤਾਬਕ ਹਾਲੇ ਤਕ ਹਰਸਿਮਰਤ ਕੌਰ ਦੇ ਮੁਕਾਬਲੇ ਉਨ੍ਹਾਂ ਦੇ ਪੁਰਾਣੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਹੀ ਸਾਹਮਣੇ ਆ ਰਿਹਾ ਹੈ।

ਇਸਤੋਂ ਇਲਾਵਾ ਕਾਂਗਰਸ ਵਲੋਂ ਕੇਂਦਰੀ ਮੰਤਰੀ ਦੇ ਮੁਕਾਬਲੇ ਪੰਜਾਬ ਦੀ ਇਕ ਹੋਰ ਤੇਜ਼-ਤਰਾਰ ਮਹਿਲਾ ਆਗੂ ਨਵਜੋਤ ਕੌਰ ਸਿੱਧੂ ਨੂੰ ਵੀ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਬਠਿੰਡਾ ਸੀਟ ਲਈ ਕਿਤੇ-ਕਤਾਈ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦਾ ਨਾਮ ਵੀ ਸੁਣਨ ਵਿਚ ਆ ਰਿਹਾ ਹੈ। ਇਸਤੋਂ ਇਲਾਵਾ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਣੇ ਖ਼ਸ਼ਬਾਜ਼ ਸਿੰਘ ਜਟਾਣਾ ਵੀ ਇਸ ਹਲਕੇ ਤੋਂ ਚੋਣ ਲੜਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਹਨ।

ਪਤਾ ਲਗਿਆ ਹੈ ਕਿ ਕਾਂਗਰਸ ਹਾਈਕਮਾਂਡ ਵਲੋਂ ਸ਼੍ਰੀ ਜਟਾਣਾ ਕੋਲੋ ਬਠਿੰਡਾ ਲੋਕ ਸਭਾ ਤੋਂ ਚੋਣ ਲੜਣ ਬਾਰੇ ਪੁਛਿਆ ਗਿਆ ਸੀ। ਉਧਰ ਫ਼ਿਰੋਜ਼ਪੁਰ ਸੀਟ ਤੋਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤੇ ਸ਼ੇਰ ਸਿੰਘ ਘੁਬਾਇਆ ਮਜਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਵੀ ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਸਿੰਘ ਗਿੱਲ ਸਹਿਤ ਕਈ ਦਾਅਵੇਦਾਰਾਂ ਤੋਂ ਇਲਾਵਾ ਪਿਛਲੇ ਕੁੱਝ ਦਿਨਾਂ ਤੋਂ ਬਾਦਲ ਪ੍ਰਵਾਰ ਦੇ ਇਕ ਰਿਸ਼ਤੇਦਾਰ ਦਾ ਨਾਮ ਵੀ ਸੁਣਾਈ ਦੇਣ ਲੱਗਾ ਹੈ।

ਬਹਰਹਾਲ ਇਸ ਵਾਰ ਜਿਸ ਤਰ੍ਹਾਂ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦੀ ਚੋਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ, ਉਸਤੋਂ ਸਾਫ਼ ਹੈ ਕਿ ਦਸ ਸਾਲਾਂ ਬਾਅਦ ਸੱਤਾ 'ਚ ਆਈ ਪਾਰਟੀ ਸੂਬੇ 'ਚ ਅਪਣਾ ਸਿਆਸੀ ਦਬਦਬਾ ਬਰਕਰਾਰ ਰੱਖਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ।