Budget 2020 ਉੱਤੇ ਜਾਣੋ ਭਗਵੰਤ ਮਾਨ ਦਾ Reaction
ਦੇਸ਼ ਦੇ ਲੋਕਾਂ ਲਈ ਨਹੀਂ ਅੰਬਾਨੀ-ਅੰਡਾਨੀਆਂ ਨੂੰ ਸਮਰਪਤ ਹੈ ਮੋਦੀ ਸਰਕਾਰ-ਮਾਨ
ਨਵੀਂ ਦਿੱਲੀ, ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਪੇਸ਼ ਬਜਟ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਇਸ ਵਾਰ ਫਿਰ ਨਾ ਕੇਵਲ ਪੰਜਾਬ ਅਤੇ ਦਿੱਲੀ ਨਾਲ ਮਤਰੇਆ ਸਲੂਕ ਕੀਤਾ ਹੈ, ਸਗੋਂ ਦੇਸ਼ ਦੇ ਹਰੇਕ ਵਰਗ ਨੂੰ ਨਿਰਾਸ਼ ਅਤੇ ਬੇਉਮੀਦ ਕੀਤਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਮਟਿਆਲਾ ਹਲਕੇ ਤੋਂ ਪਾਰਟੀ ਉਮੀਦਵਾਰ ਗ਼ੁਲਾਬ ਸਿੰਘ, ਹਰੀ ਨਗਰ ਤੋਂ ਰਾਜਕੁਮਾਰੀ ਢਿੱਲੋਂ, ਤਿਲਕ ਨਗਰ ਤੋਂ ਜਰਨੈਲ ਸਿੰਘ, ਰਾਜੌਰੀ ਗਾਰਡਨ ਤੋਂ ਧਨਵੰਤੀ ਚੰਦੇਲਾ, ਵਿਕਾਸਪੁਰੀ ਤੋਂ ਮਹਿੰਦਰ ਯਾਦਵ ਅਤੇ ਜਨਕਪੁਰੀ ਤੋਂ ਉਮੀਦਵਾਰ ਰਾਜੇਸ਼ ਰਿਸ਼ੀ ਦੇ ਹੱਕ 'ਚ ਧੂੰਆਂਧਾਰ ਪ੍ਰਚਾਰ ਕਰਦੇ ਹੋਏ ਭਗਵੰਤ ਮਾਨ ਨੇ ਵਿਅੰਗਮਈ ਅੰਦਾਜ਼ 'ਚ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ''ਅੱਜ ਕੇਂਦਰੀ ਵਿੱਤ ਮੰਤਰੀ ਕੋਲੋਂ ਪਹਾੜ ਜਿੱਡਾ ਬਜਟ ਭਾਸ਼ਣ ਪੜ੍ਹਵਾਇਆ ਗਿਆ, ਪਰੰਤੂ ਸਾਲ 2020 ਲਈ ਕੱਖ ਨਹੀਂ ਨਿਕਲਿਆ। ਕਹਿੰਦੇ 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। 2024 'ਚ ਸਾਰੇ ਜ਼ਿਲਿਆਂ 'ਚ ਇਕ-ਇਕ ਜਨ ਔਸ਼ਧੀ ਕੇਂਦਰ ਖੋਲ੍ਹ ਦਿਆਂਗੇ। ਇਸੇ ਤਰ੍ਹਾਂ 2050 ਤਕ ਪਸ਼ੂਆਂ ਦੀਆਂ ਸਾਰੀਆਂ ਬੀਮਾਰੀਆਂ ਖ਼ਤਮ ਕਰ ਦਿਆਂਗੇ। ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਜਟ ਸਾਲ 2020-21 ਲਈ ਇਕ ਸਾਲ ਦਾ ਪੇਸ਼ ਕੀਤਾ ਹੈ ਜਾਂ 2050 ਤਕ 30 ਸਾਲਾਂ ਲਈ ਪੇਸ਼ ਕੀਤਾ ਹੈ''।
ਭਗਵੰਤ ਮਾਨ ਨੇ ਕਿਹਾ ਕਿ ਜੁਮਲੇਬਾਜ ਬਜਟ ਨੇ ਦਿੱਲੀ ਅਤੇ ਪੰਜਾਬ ਸਮੇਤ ਪੂਰੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਨਾਲ ਹੀ ਮੋਦੀ ਸਰਕਾਰ ਦਾ ਦੇਸ਼ ਅਤੇ ਲੋਕ ਵਿਰੋਧੀ ਚਿਹਰਾ ਵੀ ਨੰਗਾ ਕੀਤਾ ਹੈ। ਮਾਨ ਮੁਤਾਬਿਕ ਇਹ ਬਜਟ ਅੰਬਾਨੀ-ਅੰਡਾਨੀ ਵਰਗੇ ਚੰਦ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਘੜਿਆ ਗਿਆ ਹੈ। ਦੇਸ਼ ਅਤੇ ਦੇਸ਼ ਦੇ ਲੋਕ ਪੂਰੀ ਤਰਾਂ ਹਾਸ਼ੀਏ 'ਤੇ ਸੁੱਟ ਦਿਤੇ ਗਏ ਹਨ।