ਛੋਟੇ ਹਾਥੀ ਅਤੇ ਘੋੜੇ ਟਰਾਲੇ ਦੀ ਟੱਕਰ ਵਿਚ 6 ਹਲਾਕ, 8 ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਛੋਟੇ ਹਾਥੀ ਅਤੇ ਘੋੜੇ ਟਰਾਲੇ ਦੀ ਟੱਕਰ ਵਿਚ 6 ਹਲਾਕ, 8 ਜ਼ਖ਼ਮੀ

image

ਜ਼ੀਰਾ, ਮੱਲਾਂਵਾਲ ਖਾਸ, 1 ਫ਼ਰਵਰੀ (ਹਰਜੀਤ ਸਿੰਘ ਸਨ੍ਹੇਰ, ਸੁਖਵਿੰਦਰ ਸਿੰਘ): ਮੱਖੂ ਨਜ਼ਦੀਕ ਗਿੱਦੜਵਿੰਡੀ ਪੁਲ ਉਤੇ ਛੋਟੇ ਹਾਥੀ ਅਤੇ ਟਰਾਲੇ ਵਿਚਾਲੇ ਹੋਈ ਆਹਮੋ ਸਾਹਮਣੀ ਟੱਕਰ ਦੌਰਾਨ 6 ਮਜਦੂਰਾਂ ਦੀ ਮੌਤ ਹੋ ਗਈ ਜਦਕਿ 8 ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਸਿਵਲ ਹਸਪਤਾਲ ਜ਼ੀਰਾ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ਕਾਮਲਵਾਲਾ ਖ਼ੁਰਦ, ਬਸਤੀ ਚੰਦੇ ਵਾਲੀ ਅਤੇ ਤਲਵੰਡੀ ਨੇਪਾਲਾਂ ਦੇ ਕਰੀਬ 15 ਮਜ਼ਦੂਰ ਇਕ ਛੋਟੇ ਹਾਥੀ ਵਿਚ ਸਵਾਰ ਹੋ ਕੇ ਸ਼ਾਹਕੋਟ ਵਿਖੇ ਮਾਲ ਗੱਡੀ ਦੀ ਲਦਾਈ ਲਈ ਜਾ ਰਹੇ ਸਨ, ਕਿ ਰਸਤੇ ਵਿਚ ਕਪੂਰਥਲਾ ਜਲੰਧਰ ਰੋਡ ਤੇ ਲੋਹੀਆਂ ਦੇ ਨੇੜੇ ਸਥਿਤ ਟੋਲ ਪਲਾਜ਼ਾ ਦੇ ਕੋਲ ਸੰਘਣੀ ਧੁੰਦ ਹੋਣ ਕਰ ਕੇ ਉਨ੍ਹਾਂ ਦਾ ਛੋਟਾ ਹਾਥੀ ਇਕ ਘੋੜੇ ਟਰਾਲੇ ਨਾਲ ਟਕਰਾ ਕੇ ਪਲਟ ਗਿਆ ਜਿਸ ਦੌਰਾਨ ਛੋਟੇ ਹਾਥੀ ਵਿਚ ਸਵਾਰ 6 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 8 ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ। ਇਸ ਦੌਰਾਨ ਸਿਵਲ ਹਸਪਤਾਲ ਜ਼ੀਰਾ ਦੇ ਐਸਐਮਓ ਡਾ. ਅਰਵਿੰਦਰਪਾਲ ਸ਼ੁਭ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿ੍ਰਤਕਾਂ ਵਿਚ ਅਮਰਜੀਤ ਸਿੰਘ, ਸੁਖਚੈਨ ਸਿੰਘ, ਸੁੱਚਾ ਸਿੰਘ, ਰੇਸ਼ਮ ਸਿੰਘ, ਸੂਰਜ ਸਿੰਘ ਅਤੇ ਸੂਬਾ ਸਿੰਘ ਸ਼ਾਮਲ ਹਨ। ਐਸ.ਐਮ.ਓ ਅਰਵਿੰਦਰਪਾਲ ਸ਼ੁਭ ਨੇ ਦਸਿਆ ਕਿ ਜ਼ਖ਼ਮੀਆਂ ਵਿਚ ਆਕਾਸ਼, ਰਕੇਸ਼, ਰਾਹੁਲ, ਜੱਸਾ, ਅੰਮਿ੍ਰਤਪਾਲ, ਵਿੱਕੀ ਅਤੇ ਸੁਖਚੈਨ ਸਿੰਘ ਸ਼ਾਮਲ ਹਨ, ਜਿਨ੍ਹਾਂ ਵਿਚੋਂ ਸੁਖਚੈਨ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਲਵਪ੍ਰੀਤ ਸਿੰਘ ਦੇ ਮਾਮੂਲੀ ਸੱਟਾਂ ਹੋਣ ਕਰ ਕੇ ਉਸ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿਤੀ ਗਈ ਹੈ।