ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ਤੇ ਨੇੜਲੇ ਇਲਾਕਿਆਂ ’ਚ ਮੰਗਲਵਾਰ ਰਾਤ ਤਕ ਇੰਟਰਨੈੱਟ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ਤੇ ਨੇੜਲੇ ਇਲਾਕਿਆਂ ’ਚ ਮੰਗਲਵਾਰ ਰਾਤ ਤਕ ਇੰਟਰਨੈੱਟ ਬੰਦ

image

ਨਿਜੀ ਤੇ ਸਰਕਾਰੀ ਟੈਲੀਕਾਮ ਕੰਪਨੀਆਂ ਨੂੰ ਆਦੇਸ਼ਾਂ ਦਾ ਪਾਲਨ ਕਰਨ ਲਈ ਕਿਹਾ 

ਨਵੀਂ ਦਿੱਲੀ, 1 ਫ਼ਰਵਰੀ : ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ’ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਵਿਚਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਅਹਿਮ ਫ਼ੈਸਲੇ ’ਚ 2 ਫ਼ਰਵਰੀ (ਮੰਗਲਵਾਰ) ਦੀ ਰਾਤ ਨੂੰ 11 ਵਜੇ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੰਗਲਵਾਰ ਰਾਤ 11 ਵਜੇ ਤਕ ਟਿਕਰੀ ਸਰਹੱਦ, ਸਿੰਘੂ ਸਰਹੱਦ ਤੇ ਗਾਜ਼ੀਪੁਰ ਸਰਹੱਦ ’ਤੇ ਇੰਨਟਰਨੈੱਟ ਸੇਵਾ ਬੰਦ ਰਹਿਣਗੀਆਂ। ਸਰਕਾਰ ਵਲੋਂ ਸਾਰੇ ਨਿਜੀ ਤੇ ਸਰਕਾਰੀ ਟੈਲੀਕਾਮ ਕੰਪਨੀਆਂ ਨੂੰ ਇਨ੍ਹਾਂ ਆਦੇਸ਼ਾਂ ਦਾ ਪਾਲਨ ਕਰਨ ਲਈ ਕਿਹਾ ਹੈ। ਸਰਕਾਰ ਨੇ ਇਹ ਆਦੇਸ਼ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਖੇਤਰ ’ਚ ਸ਼ਾਂਤੀ, ਜਨਤਕ ਵਿਵਸਥਾ ਤੇ ਕਾਨੂੰਨ-ਵਿਵਸਥਾ ਬਣਾਏ ਰਖਣ ਲਈ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਇਥੇ 29 ਜਨਵਰੀ ਨੂੰ ਰਾਤ 11 ਵਜੇ ਤੋਂ 31 ਜਨਵਰੀ ਨੂੰ ਰਾਤ 11 ਵਜੇ ਤਕ ਲਈ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਾਈ ਗਈ ਸੀ।
ਦਸਿਆ ਜਾ ਰਿਹਾ ਹੈ ਕਿ 26 ਜਨਵਰੀ ਦੇ ਹਿੰਸਕ ਤੋਂ ਬਾਅਦ ਵੀ ਗਾਜ਼ੀਪੁਰ ਸਰਹੱਦ, ਸਿੰਘੂ ਸਰਹੱਦ ਸਣੇ ਕਈ ਸਰਹੱਦਾਂ ’ਤੇ ਕਿਸਾਨ ਅੰਦੋਲਨ ਕਰ ਰਹੇ ਹਨ ਤੇ ਹਾਲਾਤ ਖ਼ਰਾਬ ਨਾ ਹੋਣ ਇਸ ਦੇ ਚੱਲਦਿਆਂ ਹੁਣ ਇਕ ਵਾਰ ਮੁੜ ਤੋਂ ਗਾਜ਼ੀਪੁਰ ਤੇ ਸਿੰਘੂ ਸਰਹੱਦ ਆਦਿ ’ਤੇ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿਤਾ ਹੈ। ਬੰਦ ਹੋਈ ਇੰਟਰਨੈੱਟ ਸੇਵਾ ’ਤੇ ਭਾਰਤੀ ਕਿਸਾਨ ਯੂਨੀਅਨ ਨੇ ਵੀ ਇਤਰਾਜ਼ ਪ੍ਰਗਟਾਇਆ ਹੈ। ਇੰਟਰਨੈੱਟ ਸੇਵਾ ਬੰਦ ਕਰਨ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਤੇ ਗਾਜ਼ੀਪੁਰ ਬਾਰਡਰ ਤੇ ਅੰਦੋਲਨ ਦੀ ਕਮਾਨ ਸੰਭਾਲਣ ਵਾਲੇ ਰਾਕੇਸ਼ ਟਿਕੈਤ ਨੇ ਕਿਹਾ ਕਿ ਗਾਜ਼ੀਪੁਰ ਸਰਹੱਦ ’ਤੇ ਇੰਟਰਨੈੱਟ ਬੰਦ ਕਰ ਦਿਤਾ ਹੈ। 
ਸਰਕਾਰ ਕਿਸਾਨਾਂ ਦੀਆਂ ਆਵਾਜ਼ਾਂ ਨੂੰ ਨਹੀਂ ਰੋਕ ਸਕਦੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਣਤੰਤਰ ਦਿਵਸ ਯਾਨੀ 26 ਜਨਵਰੀ ਦੇ ਦਿਨ ਵੀ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਕੁਝ ਹਿੱਸਿਆਂ ’ਚ ਇੰਟਰਨੈੱਟ ਸੇਵਾਵਾਂ ਅਸਥਾਈ ਤੌਰ ’ਤੇ ਬੰਦ ਕਰ ਦਿਤਾ ਸੀ। ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਦੀ ਘਟਨਾ ਹੋਣ ’ਤੇ ਇਹ ਕਦਮ ਚੁਕਿਆ ਗਿਆ ਸੀ। (ਪੀਟੀਆਈ)