ਚੰਨੀ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਕੀਤੇ ਨਾਮਜ਼ਦਗੀ ਕਾਗ਼ਜ਼ ਦਾਖ਼ਲ
ਚੰਨੀ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਕੀਤੇ ਨਾਮਜ਼ਦਗੀ ਕਾਗ਼ਜ਼ ਦਾਖ਼ਲ
ਚਮਕੌਰ ਸਾਹਿਬ, 1 ਫ਼ਰਵਰੀ (ਲੱਖਾ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਹੀਦਾਂ ਦੀ ਧਰਤੀ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਅਪਣੇ ਨਾਮਜ਼ਦਗੀ ਪੱਤਰ ਭਰੇ | ਚੰਨੀ ਨੇ ਅਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਐਸਡੀਐਮ ਕਮ ਚੋਣ ਅਧਿਕਾਰੀ ਪਰਮਜੀਤ ਸਿੰਘ ਕੋਲ ਅਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ ਅਤੇ ਭਾਰਤੀ ਸੰਵਿਧਾਨ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਸਬੰਧੀ ਸਹੁੰ ਵੀ ਚੁੱਕੀ | ਇਸ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਰੁਮਾਲਾ ਸਾਹਿਬ ਤੇ ਦੇਗ ਭੇਂਟ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲਿਆ | ਚੰਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਤੇ ਪੂਰਨ ਭਰੋਸਾ ਹੈ ਕਿ ਉਹ ਜਿਸ ਤਰ੍ਹਾਂ ਪਹਿਲਾਂ 15 ਸਾਲਾਂ ਤੋਂ ਉਨ੍ਹਾਂ ਨੂੰ ਜਿਤਾਉਂਦੇ ਆਏ ਹਨ ਇਸ ਵਾਰ ਵੀ ਉਹ 50 ਹਜ਼ਾਰ ਵੋਟਾਂ ਦੇ ਫਰਕ ਨਾਲ ਜਿਤਾਉਣਗੇ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਦਬਾਉਣ ਤੇ ਹਰਾਉਣ ਲਈ ਇੱਕਜੁੱਟ ਹੋ ਗਈਆਂ ਹਨ ਪ੍ਰੰਤੂ ਚਮਕੌਰ ਸਾਹਿਬ ਦੇ ਲੋਕਾਂ ਦੇ ਸਹਿਯੋਗ ਨਾਲ ਉਹ ਡੱਟ ਕੇ ਟਾਕਰਾ ਕਰਨਗੇ ਅਤੇ ਰਿਕਾਰਡ ਤੋੜ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਵੱਡੀ ਗਿਣਤੀ ਵਿਚ ਜੁੜੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਨੇ ਹਮੇਸ਼ਾ ਜਬਰਜੁਲਮ ਵਿਰੁਧ ਲੜਨ ਦੀ ਪ੍ਰੇਰਨਾ ਦਿਤੀ ਹੈ, ਇਸ ਲਈ ਉਹ ਹੁਣ ਆਪੋ ਅਪਣੇ ਪਿੰਡ ਸੰਭਾਲਣ ਤੇ ਇਸ ਲੜਾਈ ਵਿਚ ਉਨ੍ਹਾਂ ਦੇ ਨਾਲ ਖੜਨ ਅਤੇ ਇਕਤਰਫਾ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਉਣ | ਇਸ ਉਪਰੰਤ ਉਨ੍ਹਾਂ ਜੀਪ ਤੇ ਬੈਠ ਕੇ ਅਪਣੇ ਸੈਂਕੜੇ ਸਮਰਥਕਾਂ ਨਾਲ ਸ਼ਹਿਰ ਵਿਚ ਰੋਡ ਸ਼ੋਅ ਵੀ ਕੀਤਾ ਅਤੇ ਅਪਣੇ ਲਈ ਵੋਟਾਂ ਮੰਗੀਆਂ | ਇਸ ਮੌਕੇ ਫਿਲਮੀ ਕਲਾਕਾਰ ਯੋਗਰਾਜ ਸਿੰਘ, ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਚੇਅਰਮੈਨ ਕਰਨੈਲ ਸਿੰਘ, ਵਾਇਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਸ਼ਮਸ਼ੇਰ ਸਿੰਘ ਮੰਗੀ, ਸਮਿਤੀ ਮੈਂਬਰ ਜਸਵੀਰ ਸਿੰਘ, ਰਹਿਤ ਸੱਭਰਵਾਲ, ਡਾ. ਬਲਵਿੰਦਰ ਸਿੰਘ, ਸਰਪੰਚ ਲਖਵਿੰਦਰ ਸਿੰਘ ਭੂਰਾ, ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਪੰਚਾਇਤ ਚਮਕੌਰ ਸਾਹਿਬ, ਤਰਲੋਚਨ ਸਿੰਘ ਸਮਾਣਾ ਆਦਿ ਵੀ ਹਾਜਰ ਸਨ |
ਫੋਟੋ ਰੋਪੜ-1-07 ਤੋਂ ਪਾ੍ਰਪਤ ਕਰੋ ਜੀ
ਚਮਕੌਰ ਸਾਹਿਬ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਂਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨh.