ਆਮ ਲੋਕਾਂ ਨੂੰ ਗੁਮਰਾਹ ਕਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲਾ ਬਜਟ ਪੇਸ਼ ਕੀਤਾ : ਕਿਸਾਨ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 69ਵੇਂ ਦਿਨ ਵੀ ਰਿਹਾ ਜਾਰੀ

Budget presented to mislead common people and benefit corporate houses: Farmer leader

ਖਨੌਰੀ : ਖਨੌਰੀ ਕਿਸਾਨ ਮੋਰਚਾ ਉਪਰ ਜਗਜੀਤ ਸਿੰਘ ਡੱਲੇਵਾਲ  ਦਾ ਮਰਨ ਵਰਤ ਅੱਜ 69ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਕਲ ਪੇਸ਼ ਕੀਤਾ ਗਿਆ ਬਜਟ ਆਮ ਲੋਕਾਂ ਦੀ ਸਮਝ ਤੋਂ ਬਾਹਰ ਦਾ ਹੈ। ਬਜਟ ਨੂੰ ਮੀਡੀਆ ਵਿਚ ਪੜ੍ਹਨ ਅਤੇ ਸੁਣਨ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਜਿਸ ਤਰ੍ਹਾਂ ਗੋਲ ਮੋਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਬਜਟ ਤੋਂ ਕਿਸਾਨ, ਮਜ਼ਦੂਰਾਂ, ਆਮ ਲੋਕਾਂ ਅਤੇ ਹਰ ਇਕ ਵਰਗ ਨੂੰ ਨਿਰਾਸ਼ਾ ਹੀ ਹੋਈ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ ਉਹ ਕਿਸਾਨਾਂ ਨੂੰ ਹੋਰ ਕਰਜ਼ੇ ਵਿਚ ਡੋਬਣ ਵਾਲਾ ਹੀ ਹੈ, ਜੇਕਰ ਕੇਂਦਰ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁਲ ਕਰਜ਼ ਮੁਕਤੀ ਦਾ ਐਲਾਨ ਕਰਦੀ ਪ੍ਰੰਤੂ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਤਿੰਨ ਲੱਖ ਦੀ ਬਜਾਏ ਪੰਜ ਲੱਖ ਦਾ ਹੋਰ ਕਰਜ਼ਾ ਦੇ ਕੇ ਕਰਜ਼ੇ ਦੇ ਥੱਲੇ ਡੋਬਣ ਦਾ ਹੀ ਐਲਾਨ ਕੀਤਾ ਗਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਮ ਲੋਕਾਂ ਪ੍ਰਤੀ ਅਪਣਾ ਰਾਜ ਧਰਮ ਨਿਭਾਉਂਦੀ ਤਾਂ ਉਹ ਇਸ ਬਜਟ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੇ ਗਏ ਵਾਅਦਿਆਂ ਅਤੇ ਲਿਖਤ ਵਿਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਿਨ੍ਹਾਂ 12 ਮੰਗਾਂ ਨੂੰ ਲੈ ਕੇ ਇਕ ਸਾਲ ਤੋਂ ਬਾਰਡਰਾਂ ਉਪਰ ਅੰਦੋਲਨ ਚਲ ਰਿਹਾ ਹੈ। ਉਸ ਲਈ ਫ਼ੰਡ ਦੀ ਵਿਵਸਥਾ ਕਰਦੀ ਪ੍ਰੰਤੂ ਕੇਂਦਰ ਦੀ ਸਰਕਾਰ ਵਲੋਂ ਗੋਲ ਮੋਲ ਤਰੀਕੇ ਨਾਲ ਬਜਟ ਨੂੰ ਪੇਸ਼ ਕਰ ਕੇ ਆਮ ਲੋਕਾਂ ਨੂੰ ਗੁਮਰਾਹ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦਾ ਹੀ ਕੰਮ ਕੀਤਾ ਗਿਆ।

ਸ ਮੌਕੇ ਸੁਖਜੀਤ ਸਿੰਘ ਹਰਦੋ ਝੰਡੇ, ਲਖਵਿੰਦਰ ਸਿੰਘ ਔਲਖ, ਸੁਖਜਿੰਦਰ ਸਿੰਘ ਖੋਸਾ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਇੰਦਰਜੀਤ ਸਿੰਘ ਕੋਟ ਬੁੱਢਾ, ਗੁਰਿੰਦਰ ਸਿੰਘ ਭੰਗੂ ਸਮੇਤ ਕਿਸਾਨ ਆਗੂ ਹਾਜ਼ਰ ਸਨ।