ਮੋਹਾਲੀ ਦੇ ਕ੍ਰਿਕਟ ਸਟੇਡੀਅਮ 'ਚ ਨਹੀਂ ਹੋਣਗੇ IPL ਦੇ ਮੈਚ, ਮੁੱਖ ਮੰਤਰੀ ਨੇ BCCI ਨੂੰ ਕੀਤੀ 'ਅਪੀਲ'
ਮੁੰਬਈ, ਦਿੱਲੀ, ਅਹਿਮਦਾਬਾਦ, ਚੇੱਨਈ, ਬੰਗਲੌਰ ਅਤੇ ਕੋਲਕਾਤਾ ਦੇ ਸਟੇਡੀਅਮ IPL 2021 ਹੋਸਟ ਕਰ ਸਕਣਗੇ।
ਚੰਡੀਗੜ੍ਹ- ਦੇਸ਼ ਦਾ ਸਭ ਤੋਂ ਪ੍ਰਸਿੱਧ ਕ੍ਰਿਕੇਟ ਟੂਰਨਾਮੈਂਟ IPL ਇਸ ਵਾਰ ਭਾਰਤ ਵਿਚ ਹੀ ਖੇਡਿਆ ਜਾਵੇਗਾ ਅਤੇ ਇਸ ਸਾਲ ਸਿਰਫ 6 ਸੂਬਿਆਂ ਦੇ ਕ੍ਰਿਕੇਟ ਸਟੇਡੀਅਮ ਨੂੰ IPL 2021 ਹੋਸਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਵਿਚ ਮੁੰਬਈ, ਦਿੱਲੀ, ਅਹਿਮਦਾਬਾਦ, ਚੇੱਨਈ, ਬੰਗਲੌਰ ਅਤੇ ਕੋਲਕਾਤਾ ਦੇ ਸਟੇਡੀਅਮ IPL 2021 ਹੋਸਟ ਕਰ ਸਕਣਗੇ। ਇਸ ਫੈਸਲੇ ਤੇ ਨਰਾਜ਼ਗੀ ਜਤਾਉਂਦੇ ਹੋਏ Punjab Kings ਦੇ ਮਾਲਕ ਨੇਸ ਵਾਡਿਆ ਨੇ BCCI ਨੂੰ ਚਿੱਠੀ ਵੀ ਲਿਖੀ ਹੈ।
ਇਸ ਫੈਸਲੇ 'ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਆਉਣ ਵਾਲੇ ਆਈਪੀਐਲ ਲਈ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਬਾਹਰ ਕੀਤੇ ਜਾਣ ਦੇ ਫੈਸਲੇ ਤੋਂ ਹੈਰਾਨ ਹਨ। ਉਨ੍ਹਾਂ ਬੀ ਸੀ ਸੀ ਆਈ ਅਤੇ ਆਈ ਪੀ ਐਲ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਮੁਹਾਲੀ ਆਈਪੀਐਲ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਅਤੇ ਪੰਜਾਬ ਸਰਕਾਰ ਕੋਵਿਡ-19 ਦੇ ਮੱਦੇ ਨਜ਼ਰ ਸੁਰੱਖਿਆ ਦੇ ਸਾਰੇ ਲੋੜੀਂਦੇ ਪ੍ਰਬੰਧ ਕਰੇਗੀ।