ਫਿਰੋਜ਼ਪੁਰ ਤੇ ਜ਼ੀਰਾ ’ਚ BJP ਦੇ ਚਾਰ ਵੱਡੇ ਨੇਤਾਵਾਂ ਵਿਰੁੱਧ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਕੇਂਦਰੀ ਮੰਤਰੀ ਤੇ ਗੁਜਰਾਤ ਦੇ ਡਿਪਟੀ ਸੀਐਮ ਦਾ ਨਾਂਅ ਵੀ ਸ਼ਾਮਲ

BJP leaders

ਫਿਰੋਜ਼ਪੁਰ(ਪਰਮਜੀਤ ਸਿੰਘ): ਕਿਸਾਨੀ ਅੰਦੋਲਨ ਜਦੋਂ ਤੋਂ ਸ਼ੁਰੂ ਹੋਇਆ, ਉਦੋਂ ਤੋਂ ਹੀ ਭਾਜਪਾ ਦੇ ਕੁੱਝ ਨੇਤਾਵਾਂ ਵੱਲੋਂ ਕਿਸਾਨਾਂ ਵਿਰੁੱਧ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚਲਦਿਆਂ ਫਿਰੋਜ਼ਪੁਰ ਅਤੇ ਜ਼ੀਰਾ ਵਿਚ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਭਾਜਪਾ ਦੇ ਚਾਰ ਵੱਡੇ ਨੇਤਾਵਾਂ ਵਿਰੁੱਧ ਕੇਸ ਦਰਜ ਕਰਵਾਏ ਗਏ ਹਨ, ਜਿਨ੍ਹਾਂ ਵਿਚ ਗਿਰੀਰਾਜ ਸਿੰਘ ਕੇਂਦਰੀ ਮੰਤਰੀ, ਨਿਤਿਨ ਪਟੇਲ ਡਿਪਟੀ ਸੀਐਮ ਗੁਜਰਾਤ, ਰਵੀ ਕਿਸ਼ਨ ਐਮਪੀ, ਰਾਮ ਮਹਾਂਦੇਵਨ ਕੌਮੀ ਸਕੱਤਰ ਭਾਜਪਾ ਦੇ ਨਾਮ ਸ਼ਾਮਲ ਨੇ ਕਿਉਂਕਿ ਇਨ੍ਹਾਂ ਨੇਤਾਵਾਂ ਵੱਲੋਂ ਕਿਸਾਨਾਂ ਲਈ ਢੋਂਗੀ, ਜਾਅਲੀ ਪੱਗਾਂ ਵਾਲੇ ਸਿੱਖ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਨ੍ਹਾਂ ਨਾਲ ਕਿਸਾਨਾਂ ਨੂੰ ਠੇਸ ਪੁੱਜੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਰਜਨੀਸ਼ ਦਹੀਆ ਨੇ ਆਖਿਆ ਕਿ ਇਨ੍ਹਾਂ ਭਾਜਪਾ ਨੇਤਾਵਾਂ ਵਿਰੁੱਧ ਕਾਰਵਾਈ ਕਰਦਿਆਂ ਸਬਜੀਤ ਸਿੰਘ, ਜਗਜੀਤ ਸਿੰਘ, ਮੰਗਲ ਸਿੰਘ, ਬਲਰਾਜ ਸਿੰਘ ਵੱਲੋਂ ਜ਼ੀਰਾ ਕੋਰਟ ਕੰਪਲੈਕਸ ਵਿਚ ਕੇਸ ਦਰਜ ਕਰਵਾਏ ਗਏ, ਜਿਨ੍ਹਾਂ ਵਿਚ ਇਨ੍ਹਾਂ ਨੇਤਾਵਾਂ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਐ।

ਕਿਸਾਨ ਬਲਰਾਜ ਸਿੰਘ ਨੇ ਆਖਿਆ ਕਿ ਇਹ ਭਾਜਪਾ ਨੇਤਾ ਕਿਸਾਨਾਂ ਦਾ ਮਜ਼ਾਕ ਉਡਾਉਂਦੇ ਨੇ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਲਈ ਇਨ੍ਹਾਂ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜੇ ਗਏ ਨੇ।