ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਰਾਜਪਾਲ ਦੇ ਭਾਸ਼ਨ ਸਮੇਂ ਵਿਰੋਧੀ ਧਿਰ ਵਲੋਂ ਭਾਰੀ ਹੰਗਾਮਾ
ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਰਾਜਪਾਲ ਦੇ ਭਾਸ਼ਨ ਸਮੇਂ ਵਿਰੋਧੀ ਧਿਰ ਵਲੋਂ ਭਾਰੀ ਹੰਗਾਮਾ
ਅਕਾਲੀ ਮੈਂਬਰਾਂ ਨੇ ਗਵਰਨਰ 'ਗੋ ਬੈਕ' ਦੇ ਨਾਹਰੇ ਲਾਏ
ਚੰਡੀਗੜ੍ਹ, 1 ਮਾਰਚ (ਗੁਰਉਪਦੇਸ਼ ਭੁੱਲਰ): ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੀ ਸ਼ੁਰੂਆਤ ਭਾਰੀ ਹੰਗਾਮੇ ਵਿਚ ਹੋਈ | ਵਿਰੋਧੀ ਪਾਰਟੀਆਂ ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਨ ਸਮੇਂ ਉਨ੍ਹਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ |
ਰਾਜਪਾਲ ਨੇ ਭਾਰੀ ਵਿਰੋਧ ਦੇ ਮਾਹੌਲ ਦੇ ਚਲਦੇ 40 ਪੰਨਿਆਂ ਦੇ ਸਰਕਾਰ ਦੇ ਭਾਸ਼ਨ ਨੂੰ 20 ਮਿੰਟਾਂ ਵਿਚ ਹੀ ਕੁੱਝ ਪਹਿਰੇ ਪੜ੍ਹ ਕੇ ਸਮੇਟ ਦਿਤਾ ਅਤੇ ਸਭਾ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ ਸੀ | ਬਾਅਦ ਦੁਪਹਿਰ ਦੂਜੀ ਬੈਠਕ ਵੀ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਬਾਅਦ 15 ਮਿੰਟ ਦੀ ਕਾਰਵਾਈ ਬਾਅਦ ਹੀ ਸਮਾਪਤ ਹੋ ਗਈ | ਰਾਜਪਾਲ ਨੇ ਅਪਣੇ ਭਾਸ਼ਨ ਵਿਚ ਦਰਜ ਖੇਤੀ ਕਾਨੂੰਨਾਂ ਦੇ ਵਿਰੋਧ ਤੇ ਸੂਬਾ ਸਰਕਾਰ ਵਲੋਂ ਪਾਸ ਬਿਲਾਂ ਵਾਲੇ ਪਹਿਰੇ ਵਿਚੋਂ ਇਕ ਲਾਈਨ ਵੀ ਨਾ ਪੜ੍ਹੀ | ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸਪੀਕਰ ਦੇ ਆਸਨ ਦੇ ਸਾਹਮਣੇ ਜਾ ਕੇ ਹੰਗਾਮਾ ਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਗਵਰਨਰ 'ਗੌ ਬੈਕ' ਦੇ ਨਾਹਰੇ ਲਾਉਂਦਿਆਂ ਤਖ਼ਤੀਆਂ ਲਹਿਰਾਈਆਂ |
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਹਰਪਾਲ ਸਿੰਘ ਚੀਮਾ ਤੇ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਅਕਾਲੀ ਦਲ ਨਾਲ ਰਾਜਪਾਲ ਦੇ ਵਿਰੋਧ ਵਿਚ ਖੜੇ ਹੋ ਗਏ ਤੇ ਸੀਟਾਂ 'ਤੇ ਚੜ੍ਹ ਕੇ ਨਾਹਰੇ ਲਗਾਉਣ ਲੱਗੇ | ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਸਿਮਰਜੀਤ ਸਿੰਘ ਬੈਂਸ ਤੇ
ਬਲਵਿੰਦਰ ਸਿੰਘ ਬੈਂਸ ਵੀ ਰਾਜਪਾਲ ਦੇ ਵਿਰੋਧ ਵਿਚ ਸ਼ਾਮਲ ਹੋਏ | ਸਦਨ ਵਿਚ ਸ਼ੋ੍ਰਮਣੀ ਅਕਾਲੀ ਦਲ ਤੇ ਆਪ ਦੇ ਮੈਂਬਰਾਂ ਦੇ ਜ਼ੋਰਦਾਰ ਵਿਰੋਧ ਦੇ ਚਲਦੇ 20 ਮਿੰਟਾਂ ਵਿਚ ਹੀ ਭਾਸ਼ਨ ਪੜ੍ਹ ਕੇ ਰਾਜਪਾਲ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਦੇ ਰੋਹ ਤੇ ਘਿਰਾਉ ਤੋਂ ਬਚਦਿਆਂ ਦਾਖ਼ਲ ਹੋਣ ਵਾਲੇ ਵੱਡੇ ਦਰਵਾਜ਼ੇ ਦੀ ਥਾਂ ਚੁੱਪਚਾਪ ਮੁੱਖ ਮੰਤਰੀ ਵਾਲੇ ਦੂਜੇ ਦਰਵਾਜ਼ੇ ਥਾਈਾ ਨਿਕਲ ਕੇ ਜਾਣਾ ਪਿਆ | ਪਹਿਲਾਂ ਅਕਾਲੀ ਦਲ ਦੇ ਮੈਂਬਰਾਂ ਨੇ ਰਾਜਪਾਲ ਨੂੰ ਸਪੀਕਰ ਦੇ ਕਮਰੇ ਵਿਚ ਪਹੁੰਚਣ ਸਮੇਂ ਘੇਰਨ ਦਾ ਯਤਨ ਕੀਤਾ ਸੀ ਅਤੇ ਬਾਅਦ ਵਿਚ ਭਾਸ਼ਨ ਪੜ੍ਹ ਕੇ ਜਾਣ ਤੋਂ ਬਾਅਦ ਅਕਾਲੀ ਤੇ 'ਆਪ' ਮੈਂਬਰਾਂ ਨੇ ਮੁੜ ਮੁੱਖ ਗੇਟ 'ਤੇ ਆਉਂਦਿਆਂ ਰਾਜਪਾਲ ਨੂੰ ਘੇਰਨ ਦਾ ਯਤਨ ਕੀਤਾ ਪਰ ਉਨ੍ਹਾਂ ਦੇ ਦੂਜੇ ਦਰਵਾਜ਼ੇ ਤੋਂ ਚੁੱਪ ਚਾਪ ਚਲੇ ਜਾਣ ਕਾਰਨ ਟਕਰਾਅ ਟਲ ਗਿਆ ਨਹੀਂ ਤਾਂ ਹਿਮਾਚਲ ਵਿਧਾਨ ਸਭਾ ਵਾਲੀ ਸਥਿਤੀ ਬਣ ਜਾਣੀ ਸੀ |