ਲੁਧਿਆਣਾ ਪੁਲਿਸ ਨੇ ਮਾਰਿਆ ਸਿਆਸੀ ਆਗੂ ਦੇ ਘਰ ਛਾਪਾ, ਜਾਣਕਾਰੀ ਸਾਂਝੀ ਕਰਨ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹ ਜਾਂਚ ਪੂਰੀ ਹੋਣ ਮਗਰੋਂ ਖ਼ੁਦ ਹੀ ਸਾਰੀ ਗੱਲ ਦਾ ਖ਼ੁਲਾਸਾ ਕਰਨਗੇ। 

ludhiana

ਲੁਧਿਆਣਾ(ਰਾਜ ਸਿੰਘ) : ਲੁਧਿਆਣਾ ਵਿਖੇ ਪੁਲਿਸ ਵੱਲੋਂ ਬੀਤੀ ਰਾਤ ਤਲਾਸ਼ੀ ਮੁਹਿੰਮ ਤਹਿਤ ਛਾਉਣੀ ਮੁਹੱਲੇ ਵਿਚ ਇਕ ਸਿਆਸੀ ਪਾਰਟੀ ਨਾਲ ਸਬੰਧਤ ਆਗੂ ਦੇ ਘਰ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਇਹ ਛਾਪੇਮਾਰੀ ਮੈਡੀਕਲ ਨਸ਼ੇ ਨੂੰ ਲੈ ਕੇ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਕਿਉਂਕਿ ਇਸ ਦੌਰਾਨ 3 ਥਾਣਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਜਦੋਂ ਤਲਾਸ਼ੀ ਲੈਣ ਲਈ ਮੁਹੱਲੇ ਦੀ ਘੇਰਾਬੰਦੀ ਕੀਤੀ ਗਈ ਤਾਂ ਉਨ੍ਹਾਂ ਨੂੰ ਤਲਾਸ਼ੀ ਨਹੀਂ ਲੈਣ ਦਿੱਤੀ ਗਈ ਕਿਉਂਕਿ ਪੁਲਿਸ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ ਪਰ ਬਾਅਦ ਵਿਚ ਪੁਲਿਸ ਨੇ ਕਾਗਜ਼ੀ ਕਾਰਵਾਈ ਪੂਰੀ ਕਰਕੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਕਿਸੇ ਦੇ ਅੰਦਰ ਜਾਂ ਬਾਹਰ ਆਉਣ ਦੀ ਪਾਬੰਦੀ ਸੀ।

ਭਾਵੇਂ ਕਿ ਪੁਲਿਸ ਵੱਲੋਂ ਕਈ ਘੰਟੇ ਤਕ ਇਹ ਤਲਾਸ਼ੀ ਕੀਤੀ ਗਈ ਪਰ ਜਦੋਂ ਇਸ ਸਬੰਧੀ ਏਸੀਪੀ ਵਰਿਆਮ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਕਹਿੰਦਿਆਂ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਉਹ ਜਾਂਚ ਪੂਰੀ ਹੋਣ ਮਗਰੋਂ ਖ਼ੁਦ ਹੀ ਸਾਰੀ ਗੱਲ ਦਾ ਖ਼ੁਲਾਸਾ ਕਰਨਗੇ। 

ਉਧਰ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ ਇਸ ਦੌਰਾਨ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ, ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ।