ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਵਲੋਂ ਵਿਧਾਨ ਸਭਾ ਦਾ ਘਿਰਾਉ ਕਰਨ ਦੀ ਚਿਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਵਲੋਂ ਵਿਧਾਨ ਸਭਾ ਦਾ ਘਿਰਾਉ ਕਰਨ ਦੀ ਚਿਤਾਵਨੀ

image

ਸੈਕਟਰ 17 ਵਿਖੇ ਭੁੱਖ ਹੜਤਾਲ ਅੱਜ ਤੋਂ

ਚੰਡੀਗੜ੍ਹ, 1 ਮਾਰਚ (ਸੁਰਜੀਤ ਸਿੰਘ ਸੱਤੀ): ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮ ਕਰਦੇ ਮੁਲਾਜ਼ਮਾਂ ਨੇ ਵਿਧਾਨ ਸਭਾ ਘੇਰਨ ਦੀ ਚਿਤਾਵਨੀ ਦਿਤੀ ਹੈ। ਇਸ ਦੇ ਨਾਲ ਹੀ ਮੰਗਲਵਾਰ ਤੋਂ ਸੈਕਟਰ-17 ਵਿਖੇ ਭੁੱਖ ਹੜਤਾਲ ਸ਼ੁਰੂ ਕਰਨ ਦਾ ੍ਰਫ਼ੈਸਲਾ ਲਿਆ ਹੈ। ਮੁਲਾਜ਼ਮਾਂ ਨੇ ਅੱਜ ਸਕੱਤਰੇਤ ਵਿਖੇ ਸਰਕਾਰ ਵਿਰੁੱਧ ਨਾਹਰੇਬਾਜ਼ੀ ਵੀ ਕੀਤੀ। ਮੁਲਾਜ਼ਮਾਂ ਮੁਤਾਬਕ ਪੰਜਾਬ ਸਰਕਾਰ ਦੇ ਤਨਖ਼ਾਹ  ਕਮਿਸ਼ਨ ਵਲੋਂ 28 ਫ਼ਰਵਰੀ ਨੂੰ ਪੇਸ਼ ਹੋਣ ਵਾਲੀ ਰਿਪੋਰਟ ਅਜੇ ਤਕ ਨਹੀਂ ਆਈ। ਮੁਲਾਜ਼ਮਾਂ ਮੁਤਾਬਕ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਲਈ 6ਵੇਂ ਤਨਖ਼ਾਹ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜਿਸ ਲਈ ਸਰਕਾਰ ਵਲੋਂ ਰਿਟਾਇਰਡ ਆਈ.ਏ.ਐਸ ਅਫ਼ਸਰਾਂ ਨੂੰ ਚੇਅਰਮੈਨ ਵੀ ਨਿਯੁਕਤ ਕੀਤਾ ਸੀ, ਪ੍ਰੰਤੂ ਜਿਹੜਾ ਤਨਖ਼ਾਹ ਕਮਿਸ਼ਨ ਮੁਲਾਜ਼ਮਾਂ ਨੂੰ ਸਾਲ 2016 ਵਿਚ ਦਿਤਾ ਜਾਣਾ ਸੀ ਉਹ ਅਜੇ ਤਕ ਵੀ ਮਿਲਦਾ ਨਜ਼ਰ ਨਹੀਂ ਆ ਰਿਹਾ।
ਮੁਲਾਜ਼ਮ ਡੀ.ਏ ਦੀਆਂ ਕਿਸ਼ਤਾਂ ਅਤੇ ਏਰੀਅਰ ਨਾ ਮਿਲਣ ਕਰ ਕੇ ਔਸਤਨ 2 ਲੱਖ ਰੁਪਏ ਪ੍ਰਤੀ ਮੁਲਾਜ਼ਮ ਸਰਕਾਰ ਵਲ ਬਕਾਇਆ ਬਣਦਾ ਹੈ। ਇਸ ਮੌਕੇ ਮੁਲਾਜ਼ਮਾਂ ਨੂੰ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸੰਬੋਧਤ ਵੀ ਕੀਤਾ। ਸਾਂਝਾ ਮੁਲਾਜ਼ਮ ਮੰਚ, ਪੰਜਾਬ ਤੇ ਯੂ.ਟੀ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਤੇ ਮੁਲਾਜ਼ਮ ਆਗੂ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਜਦੋਂ ਦੀ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ, ਮੁਲਾਜ਼ਮਾਂ ਦੀਆਂ ਮੰਗਾਂ ਦੀ ਲਿਸਟ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਘਰ-ਘਰ ਰੁਜ਼ਗਾਰ ਦੀ ਸਕੀਮ ਵੀ ਕੇਵਲ ਕਾਗ਼ਜ਼ੀ ਹੈ ਜਦਕਿ ਸਰਕਾਰੀ ਮਹਿਕਮਿਆਂ ਦਾ ਪੁਨਰਗਠਨ ਕਰਨ ਦੀ ਓਟ ਵਿਚ ਸਰਕਾਰ ਹਜ਼ਾਰਾਂ ਅਸਾਮੀਆਂ ਖ਼ਤਮ ਕਰ ਰਹੀ ਹੈ ਜਿਸ ਦਾ ਸਮਾਜ ਦੇ ਆਮ ਵਰਗ ਨੂੰ ਵੱਡਾ ਖ਼ਾਮਿਆਜ਼ਾ ਭੁਗਤਣਾ ਪਵੇਗਾ। 
ਰੁਜ਼ਗਾਰ ਦੇ ਨਾਂ ਤੇ ਸਰਕਾਰ ਵਲੋਂ ਛੋਟੀਆਂ ਛੋਟੀਆਂ ਕੰਪਨੀਆਂ ਵਿਚ 6-7 ਹਜ਼ਾਰ ਰੁਪਏ ਤਨਖ਼ਾਹ ਦੇ ਨੌਜਵਾਨਾ ਨੂੰ ਨੌਕਰੀਆਂ ਦਿਵਾ ਕੇ ਅਪਣੀ ਪਿੱਠ ਥਪਥਪਾ ਰਹੀ ਹੈ ਜਦਕਿ ਹਕੀਕਤ ਕੁੱਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਵਾਪਸ ਲੈਕੇ ਐਨ.ਪੀ.ਐਸ ਰਾਹੀਂ ਮੁਲਾਜ਼ਮਾਂ ਦਾ ਸੋਸ਼ਣ ਕਰ ਰਹੀ ਹੈ ਅਤੇ ਦੂਜੇ ਪਾਸੇ ਵਿਧਾਇਕ 7-7 ਪੈਨਸ਼ਨਾਂ ਅਤੇ ਤਨਖ਼ਾਹ ਦੋਵਾਂ ਦਾ ਅਨੰਦ ਮਾਣ ਰਹੇ ਹਨ। ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀ ਸਾਰ ਨਾ ਲਈ ਤਾਂ ਮੁਲਾਜ਼ਮ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਧਾਨ ਸਭਾ ਦਾ ਘਿਰਾਉ ਵੀ ਕਰਨਗੇ।

ਫੋਟੋ-ਸੰਤੋਖ ਸਿੰਘ-ਨੰਬਰ-7