ਲੋਕਾਂ ਦੀ ਜਾਇਦਾਦ ਸੀਲ ਕਰਨ ਵਾਲੇ ਬੈਂਕ ਦੀ ਬਿਲਡਿੰਗ ਹੀ ਹੋਈ ਸੀਲ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਦੀ ਜਾਇਦਾਦ ਸੀਲ ਕਰਨ ਵਾਲੇ ਬੈਂਕ ਦੀ ਬਿਲਡਿੰਗ ਹੀ ਹੋਈ ਸੀਲ

image

ਅਬੋਹਰ, 1 ਮਾਰਚ (ਤੇਜਿੰਦਰ ਸਿੰਘ ਖਾਲਸਾ): ਸਥਾਨਕ ਬਾਜ਼ਾਰ ਨੰਬਰ 4 ਵਿਚ ਸਥਿਤ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਬਰਾਂਚ ਵਲੋਂ ਨਗਰ ਨਿਗਮ ਦਾ ਕਰੀਬ 1 ਕਰੋੜ ਦਾ ਕਿਰਾਇਆ ਨਾ ਦੇਣ ਕਾਰਨ ਅੱਜ ਨਗਰ ਨਿਗਮ ਦੀ ਟੀਮ ਨੇ ਪੁਲਿਸ ਪਾਰਟੀ ਨਾਲ ਬੈਂਕ ਵਿਚ ਪੁੱਜ ਕੇ ਸਾਰੀ ਬਿਲਡਿੰਗ ਨੂੰ  ਖ਼ਾਲੀ ਕਰਵਾ ਲਿਆ ਜਿਸ ਕਾਰਨ ਪਿੰਡਾਂ ਵਿਚੋਂ ਆਏ ਉਪਭੋਗਤਾਵਾਂ ਨੂੰ  ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੋ ਕਿ ਬੈਂਕ ਨਾਲ ਸਬੰਧਿਤ ਲੈਣ-ਦੇਣ ਦੀ ਕਾਰਵਾਈ ਨਾ ਕਰ ਸਕੇ | ਮਿਲੀ ਜਾਣਕਾਰੀ ਅਨੁਸਾਰ ਅੱਜ ਨਗਰ ਨਿਗਮ ਦੇ ਐਸ.ਈ ਸੰਦੀਪ ਕੁਮਾਰ ਅਪਣੀ ਟੀਮ ਅਤੇ ਪੁਲਿਸ ਨਾਲ ਸਥਾਨਕ ਸਟੇਟ 
ਬੈਂਕ ਆਫ਼ ਇੰਡੀਆ ਦੀ ਬਰਾਂਚ ਨੂੰ  ਸੀਲ ਕਰਨ ਪੁੱਜੇ, ਜਿਨ੍ਹਾਂ ਦਸਿਆ ਕਿ ਸਾਲ 1982 ਤੋਂ ਹੁਣ ਤਕ ਬੈਂਕ ਦੀ ਨਗਰ ਨਿਗਮ ਵਲ ਕਰੀਬ 1 ਕਰੋੜ ਦੀ ਦੇਣਦਾਰੀ ਬਕਾਇਆ ਹੈ ਜਿਸ ਬਾਬਤ ਨਗਰ 
ਨਿਗਮ ਵਲੋਂ ਵਾਰ-ਵਾਰ ਕਰੀਬ 10 ਵਾਰੀ ਬੈਂਕ ਨੂੰ  ਨੋਟਿਸ ਕੱਢੇ ਪਰ ਬੈਂਕ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਭੁਗਤਾਨ ਨਹੀਂ ਕੀਤਾ | 
ਨਗਰ ਨਿਗਮ ਮੁਤਾਬਿਕ ਬੈਂਕ ਦੀ ਬਿਲਡਿੰਗ ਦਾ ਕਿਰਾਇਆ ਪ੍ਰਤੀ ਮਹੀਨਾ ਕਰੀਬ 5 ਲੱਖ ਬਣਦਾ ਹੈ ਪਰ 1982 ਤੋਂ ਉਕਤ ਕਿਰਾਇਆ 20 ਹਜ਼ਾਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਚੱਲ ਰਿਹਾ ਹੈ, ਜਿਸ ਨੂੰ  ਵੀ ਬੈਂਕ ਅਦਾ ਨਹੀਂ ਕਰ ਸਕਿਆ | ਅਦਾਲਤ ਵਿਚ ਵੀ ਨਗਰ ਨਿਗਮ ਦੇ ਹੱਕ ਵਿਚ ਆਏ ਫ਼ੈਸਲੇ ਤਹਿਤ ਬੈਂਕ ਨੂੰ  ਕਿਰਾਇਆ ਭੁਗਤਾਨ ਕਰਨ ਜਾਂ 1 ਮਹੀਨੇ ਵਿਚ ਨਗਰ ਨਿਗਮ ਦੀ ਮਾਲਕੀਅਤ ਵਾਲੀ ਬੈਂਕ ਦੀ ਬਿਲਡਿੰਗ ਖ਼ਾਲੀ ਕਰਨ ਦਾ ਹੁਕਮ ਦਿਤਾ ਗਿਆ ਸੀ ਪਰ ਬੈਂਕ ਨੇ ਬਿਲਡਿੰਗ ਖ਼ਾਲੀ ਨਹੀਂ ਕੀਤੀ ਜਿਸ ਕਾਰਨ ਅੱਜ ਬੈਂਕ ਸੀਲ ਕਰਨ ਦੀ ਕਾਰਵਾਈ ਅਮਲ ਵਿਚ ਲਿਆਉਣੀ ਪਈ ਜਿਸ ਤਹਿਤ ਅੱਜ ਬੈਂਕ ਦੇ ਸਾਰੇ ਅਮਲੇ ਨੂੰ  ਬੈਂਕ ਵਿਚੋਂ ਬਾਹਰ ਕੱਢ ਕੇ ਬਿਲਡਿੰਗ ਨੂੰ  ਸੀਲ ਕਰ ਦਿਤਾ ਗਿਆ | ਇਸ ਮੌਕੇ ਨਗਮ ਨਿਗਮ ਦੇ ਐਕਸੀਅਨ ਰਮਨ ਕੁਮਾਰ, ਐਸ.ਡੀ.ਓ ਚਿਰਾਗ ਬਾਂਸਲ, ਸੁਪਰੀਡੈਂਟ ਰਵੀ ਕੁਮਾਰ, ਸਾਗਰ ਸੋਨੀ, ਵਿਕਰਮ ਧੂੜੀਆ, ਮੰਗਤ ਵਰਮਾ ਆਦਿ ਹਾਜ਼ਰ ਸਨ | 
ਦੂਜੇ ਪਾਸੇ ਬੈਂਕ ਉਪਭੋਗਤਾਵਾਂ ਨੂੰ  ਆ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਨਗਰ ਨਿਗਮ ਟੀਮ ਨੇ ਬੈਂਕ ਅਧਿਕਾਰੀਆਂ ਨੂੰ  ਬੈਂਕ ਵਿਚ ਰੱਖੇ ਕੈਸ਼, ਗਹਿਣੇ ਅਤੇ ਹੋਰ ਜ਼ਰੂਰੀ ਦਸਤਾਵੇਜਾਂ ਦੀ ਸੰਭਾਲ ਲਈ ਲਿਖਤ ਵਿਚ ਜ਼ਿੰਮੇਵਾਰੀ ਲੈਣ ਉਪਰੰਤ ਇਕ ਵਾਰ 5 ਕਮਰੇ ਆਰਜੀ ਤੌਰ ਉਤੇ ਦੇ ਦਿਤੇ | ਇਸ ਉਪਰੰਤ ਨਗਰ ਨਿਗਮ ਨੇ ਬੈਂਕ ਦੇ ਦੋਨਾਂ ਪਾਸੇ ਗੇਟਾਂ ਨੂੰ  ਸੀਲ ਲਗਾ ਕੇ ਬੰਦ ਕਰ ਦਿਤਾ ਗਿਆ ਅਤੇ ਬੈਂਕ ਬਾਹਰ ਪੁਲਿਸ ਮੁਲਾਜ਼ਮ ਤੈਨਾਤ ਕਰ ਦਿਤੇ ਗਏ | 

ਕੈਪਸ਼ਨ : ਬੈਂਕ ਦੇ ਗੇਟ ਨੂੰ  ਤਾਲ ਲਗਾਉਂਦੇ ਮੁਲਾਜਮ ਅਤੇ ਜਾਣਕਾਰੀ ਦਿੰਦੇ ਨਗਰ ਨਿਗਮ ਦਾ ਅਮਲਾ | (ਖਾਲਸਾ)
ਫੋਟੋ ਫਾਈਲ : ਅਬੋਹਰ-ਖਾਲਸਾ 1-7