ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਅੱਜ ਦੂਜਾ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੀ ਸ਼ੁਰੂਆਤ ਭਾਰੀ ਹੰਗਾਮੇ ਨਾਲ ਹੋਈ।

Punjab Budget Session

ਚੰਡੀਗੜ੍ਹ - ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦਾ ਦੂਸਰਾ ਦਿਨ ਹੈ। ਬੀਤੇ ਦਿਨੀ ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੀ ਸ਼ੁਰੂਆਤ ਭਾਰੀ ਹੰਗਾਮੇ ਨਾਲ ਹੋਈ। ਵਿਰੋਧੀ ਪਾਰਟੀਆਂ ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਨ ਸਮੇਂ ਉਨ੍ਹਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ  ਲੈ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ। 

ਰਾਜਪਾਲ ਨੇ ਭਾਰੀ ਵਿਰੋਧ ਦੇ ਮਾਹੌਲ ਦੇ ਚਲਦੇ 40 ਪੰਨਿਆਂ ਦੇ ਸਰਕਾਰ ਦੇ ਭਾਸ਼ਨ ਨੂੰ  20 ਮਿੰਟਾਂ ਵਿਚ ਹੀ ਕੁੱਝ ਪਹਿਰੇ ਪੜ੍ਹ ਕੇ ਸਮੇਟ ਦਿਤਾ ਅਤੇ ਸਭਾ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ ਸੀ। ਬਾਅਦ ਦੁਪਹਿਰ ਦੂਜੀ ਬੈਠਕ ਵੀ ਵਿਛੜੀਆਂ ਸ਼ਖ਼ਸੀਅਤਾਂ ਨੂੰ  ਸ਼ਰਧਾਂਜਲੀ ਦੇਣ ਬਾਅਦ 15 ਮਿੰਟ ਦੀ ਕਾਰਵਾਈ ਬਾਅਦ ਹੀ ਸਮਾਪਤ ਹੋ ਗਈ।

ਰਾਜਪਾਲ ਨੇ ਅਪਣੇ ਭਾਸ਼ਨ ਵਿਚ ਦਰਜ ਖੇਤੀ ਕਾਨੂੰਨਾਂ ਦੇ ਵਿਰੋਧ ਤੇ ਸੂਬਾ ਸਰਕਾਰ ਵਲੋਂ ਪਾਸ ਬਿਲਾਂ ਵਾਲੇ ਪਹਿਰੇ ਵਿਚੋਂ ਇਕ ਲਾਈਨ ਵੀ ਨਾ ਪੜ੍ਹੀ।  ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸਪੀਕਰ ਦੇ ਆਸਨ ਦੇ ਸਾਹਮਣੇ ਜਾ ਕੇ ਹੰਗਾਮਾ ਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਗਵਰਨਰ 'ਗੌ ਬੈਕ' ਦੇ ਨਾਹਰੇ ਲਾਉਂਦਿਆਂ ਤਖ਼ਤੀਆਂ ਲਹਿਰਾਈਆਂ।