ਪਾਰਦਰਸ਼ੀ ਢੰਗ ਨਾਲ ਆਨਲਾਈਨ ਹੀ ਹੋਣਗੀਆਂ ਅਧਿਆਪਕਾਂ ਦੀਆਂ ਬਦਲੀਆਂ: ਸਿੰਗਲਾ

ਏਜੰਸੀ

ਖ਼ਬਰਾਂ, ਪੰਜਾਬ

ਪਾਰਦਰਸ਼ੀ ਢੰਗ ਨਾਲ ਆਨਲਾਈਨ ਹੀ ਹੋਣਗੀਆਂ ਅਧਿਆਪਕਾਂ ਦੀਆਂ ਬਦਲੀਆਂ: ਸਿੰਗਲਾ

image

ਕਿਹਾ, ਅਫ਼ਵਾਹਾਂ ਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਅਧਿਆਪਕ 

ਚੰਡੀਗੜ੍ਹ, 1 ਮਾਰਚ (ਭੁੱਲਰ): ਸਿਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਅਧਿਆਪਕ ਤਬਾਦਲਾ ਨੀਤੀ-2019 ਅਨੁਸਾਰ ਆਨਲਾਈਨ ਬਦਲੀਆਂ ਕਰਨ ਦੀ ਪ੍ਰਕਿਰਿਆ ਨੂੰ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਢੰਗ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦਰੁਸਤ ਅਤੇ ਚੌਕਸ ਪ੍ਰਬੰਧ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦਸਿਆ ਕਿ ਇਸ ਸਮੇਂ ਸਕੂਲਾਂ ਦੇ ਡੀ.ਡੀ.ਓ. ਤੇ ਸਕੂਲ ਮੁਖੀ ਦਰਖ਼ਾਸਤਕਰਤਾਵਾਂ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਦੀ ਵੈਰੀਫ਼ਿਕੇਸ਼ਨ ਕਰ ਰਹੇ ਹਨ ਅਤੇ ਦਰਖ਼ਾਸਤਕਰਤਾਵਾਂ ਨੂੰ ਸਟੇਸ਼ਨਾਂ ਦੀ ਆਪਸ਼ਨ ਦੇਣ ਲਈ ਵੀ ਪੋਰਟਲ ’ਤੇ ਹੀ ਸਟੇਸ਼ਨ ਦਿਖਾਏ ਜਾ ਰਹੇ ਹਨ।  
ਕੈਬਨਿਟ ਮੰਤਰੀ ਨੇ ਦਸਿਆ ਕਿ ਸਕੂਲ ਸਿਖਿਆ ਵਿਭਾਗ ਵਲੋਂ ਨਵੇਂ ਅਧਿਆਪਕਾਂ ਨੂੰ ਬਾਰਡਰ ਏਰੀਆ ਵਿਚ ਨਿਯੁਕਤ ਕੀਤਾ ਜਾਣਾ ਹੈ, ਇਸ ਲਈ ਸਰਹੱਦੀ ਜ਼ਿਲ੍ਹਿਆਂ ਦੇ ਸੀਨੀਅਰ ਅਧਿਆਪਕਾਂ ਨੂੰ ਸਟੇਸ਼ਨਾਂ ਦੀ ਪੇਸ਼ਕਸ਼ ਕਰਨ ਲਈ ਬਦਲੀਆਂ ਤਹਿਤ ਸਟੇਸ਼ਨ ਚੁਣਨ ਦੀ ਸੁਵਿਧਾ ਦੇ ਦਿਤੀ ਗਈ ਹੈ।  ਉਨ੍ਹਾਂ ਭਰੋਸਾ ਦਿਤਾ ਕਿ ਇਹ ਬਦਲੀਆਂ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ, ਮੈਰਿਟ ਅਤੇ ਅਧਿਅ.ਾਪਕ ਤਬਾਦਲਾ ਨੀਤੀ-2019 ਅਨੁਸਾਰ ਹੀ ਹੋਣਗੀਆਂ।
 ਉਨ੍ਹਾਂ ਕਿਹਾ ਕਿ ਇਸ ਲਈ ਅਧਿਆਪਕ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਜੇਕਰ ਕਿਸੇ ਦਰਖ਼ਾਸਤਕਰਤਾ ਨੂੰ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਹੈ ਤਾਂ ਇਸ ਲਈ ਵਿਭਾਗਵੱਲੋਂ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ। ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਬਦਲੀਆਂ ਲਈ ਆਨਲਾਇਨ ਅਪਲਾਈ ਕਰਨ ਵਾਲੇ ਅਧਿਆਪਕ ਆਪਣੀ ਕੋਈ ਵੀ ਸਮੱਸਿਆ ਜਾਂ ਸ਼ਿਕਾਇਤ ਕੰਟਰੋਲ ਰੂਮ ’ਤੇ ਦਰਜ ਕਰਵਾ ਸਕਦੇ ਹਨ ਅਤੇ ਅਧਿਆਪਕ ਜ਼ਿਲ੍ਹੇ ਦੇ ਨੋਡਲ ਅਫ਼ਸਰ ਨਾਲ ਵੀ ਸੰਪਰਕ ਕਰ ਸਕਦੇ ਹਨ।