ਪਾਕਿ ਨੇ ਗੁ. ਕਰਤਾਰਪੁਰ ਸਾਹਿਬ ਵਿਖੇ ਨੁਮਾਇਸ਼ ’ਚ ਰਖਿਆ ਬੰਬ ਦਾ ਖੋਲ : ਪ੍ਰੋ ਸਰਚਾਂਦ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਪਾਕਿ ਨੇ ਗੁ. ਕਰਤਾਰਪੁਰ ਸਾਹਿਬ ਵਿਖੇ ਨੁਮਾਇਸ਼ ’ਚ ਰਖਿਆ ਬੰਬ ਦਾ ਖੋਲ : ਪ੍ਰੋ ਸਰਚਾਂਦ ਸਿੰਘ

image

ਅੰਮ੍ਰਿਤਸਰ, 1 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਨਾਲ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਨਾਂ ਸਬੂਤ ਭਾਰਤੀ ਫ਼ੌਜ ਤੋਹਮਤ ’ਤੇ ਲਾ ਕੇ ਨਫ਼ਰਤ ਫੈਲਾਉਣ ਲਈ ਨੁਮਾਇਸ਼ ’ਚ ਰੱਖੇ ਗਏ ਬੰਬ ਦੇ ਖੋਲ ਨੂੰ ਤੁਰਤ ਹਟਾਉਣ ਲਈ ਗੱਲਬਾਤ ਕਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਭੰਗੂ ਖਿਆਲਾ ਨੇ ਕਿਹਾ ਕਿ ਬੰਬ ਦੇ ਖੋਲ ਨੂੰ ਲੈ ਕੇ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਕੂੜ ਅਤੇ ਬੇ ਬੁਨਿਆਦ ਪ੍ਰਚਾਰ ਤੋਂ ਭਾਰਤੀ ਯਾਤਰੂਆਂ ਅਤੇ ਸਿੱਖ ਸ਼ਰਧਾਲੂਆਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਪ੍ਰੋ: ਖਿਆਲਾ ਨੇ ਕਿਹਾ ਕਿ ਭਾਵੇਂ ਪਾਕਿਸਤਾਨੀ ਪ੍ਰਧਾਨ ਮੰਤਰੀ ਕਰਤਾਰਪੁਰ ਦੇ ਲਾਂਘੇ ਨੂੰ ਮੁਹੱਬਤ ਦੀ ਰਾਹਦਾਰੀ ਅਤੇ ਅਮਨ ਦਾ ਪੁਲ ਆਦਿ ਵਿਸ਼ੇਸ਼ਣ ਦੇਵੇ ਪਰ ਦਰ ਹਕੀਕਤ ਇਹ ਹੀ ਹੈ ਕਿ ਉਹ ਨਫ਼ਰਤ ਭੜਕਾਉਣ ਦੀ ਦਿਸ਼ਾ ’ਚ ਅੱਗੇ ਵੱਧ ਰਹੇ ਹਨ। ਪਾਕਿਸਤਾਨ ਵਲੋਂ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਅਤੇ ਸਿੱਖ ਮਨਾਂ ’ਚ ਨਫ਼ਰਤ ਪੈਦਾ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਸ਼ਕਰਗੜ੍ਹ ’ਚ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਬਾਹਰ ਮਜਾਰ ਸਾਹਿਬ ਦੇ ਨਾਲ ਮੌਜੂਦ ਇਕ ਖੂਹ ਦੇ ਕੋਲ ਕਰੀਬ ਪੰਜ ਫੁੱਟ ਉੱਚੀ ਬੁਰਜੀ ’ਤੇ ਸ਼ੀਸ਼ੇ ਦੇ ਸ਼ੋਅਕੇਸ ’ਚ ਪ੍ਰਦਰਸ਼ਿਤ ਬੰਬ (ਗੋਲੇ) ਦਾ ਖੋਲ ਫਿੱਟ ਕੀਤਾ ਗਿਆ ਹੈ। ਇਸ ਸੂਚਨਾ ਬੋਰਡ ’ਤੇ ਗੁਰਮੁਖੀ, ਸਾਹਮੁਖੀ ਅਤੇ ਅੰਗਰੇਜੀ ’ਚ ਲਿਖਤੀ ਤੌਰ ’ਤੇ ਭਾਰਤੀ ਫ਼ੌਜ ਨੂੰ ਸਿੱਖ ਵਿਰੋਧੀ ਅਤੇ ’71 ਦੀ ਜੰਗ ਸਮੇਂ ਯੋਜਨਾ ਤਹਿਤ ਗੁਰਦੁਆਰਾ ਸਾਹਿਬ ’ਤੇ ਹਮਲਾ ਕਰਨ ਵਾਲੀ ਦਸਿਆ ਗਿਆ।