ਫ਼ੇਸਬੁੱਕ ਅਤੇ ਟਵਿੱਟਰ ਤੋਂ ਬਾਅਦ ਯੂਟਿਊਬ ਨੇ ਲਾਈ ਰੂਸੀ ਮੀਡੀਆ ’ਤੇ ਪਾਬੰਦੀ
ਫ਼ੇਸਬੁੱਕ ਅਤੇ ਟਵਿੱਟਰ ਤੋਂ ਬਾਅਦ ਯੂਟਿਊਬ ਨੇ ਲਾਈ ਰੂਸੀ ਮੀਡੀਆ ’ਤੇ ਪਾਬੰਦੀ
ਵਾਸ਼ਿੰਗਟਨ, 1 ਮਾਰਚ : ਰੂਸ ਵਲੋਂ ਯੂਕਰੇਨ ’ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਰੂਸ ਵਿਰੁਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਰੀ ਅਨੁਸਾਰ ਯੂਟਿਊਬ ਨੇ ਪਹਿਲਾਂ ਹੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਰੂਸੀ ਮੀਡੀਆ ਏਜੰਸੀ ਨੂੰ ਵੀ ਬਲਾਕ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਅਤੇ ਟਵਿੱਟਰ ਵੀ ਰੂਸੀ ਮੀਡੀਆ ’ਤੇ ਅਜਿਹਾ ਕਦਮ ਚੁੱਕ ਚੁੱਕੇ ਹਨ। ਦਰਅਸਲ, ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਰੂਸ ਹੁਣ ਗੂਗਲ ਨੂੰ ਟੱਕਰ ਦੇਣ ਲਈ ਦ੍ਰਿੜ ਹੈ। ਜਾਣਕਾਰੀ ਮੁਤਾਬਕ ਯੂਟਿਊਬ ਰੂਸੀ ਮੀਡੀਆ ਦੇ ਚੈਨਲਾਂ ਜਿਵੇਂ ਕਿ ਆਰਟੀ ਅਤੇ ਸ਼ਪੁਤਨਿਕ ਨਿਊਜ਼ ਨੂੰ ਯੂਰਪ ਵਿਚ ਕੰਟੈਂਟ ਦਿਖਾਉਣ ਲਈ ਬੈਨ ਕਰ ਰਿਹਾ ਹੈ। ਅਲਫ਼ਾਬੇਟ ਇੰਕ ਦੀ ਕੰਪਨੀ ਨੇ ਇਹ ਫ਼ੈਸਲਾ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਲਫ਼ਾਬੇਟ ਕੰਪਨੀ ਗੂਗਲ ਅਤੇ ਯੂਟਿਊਬ ਸਮੇਤ ਇਸ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਨੂੰ ਚਲਾਉਂਦੀ ਹੈ।
ਯੂਟਿਊਬ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਡੇ ਸਿਸਟਮ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿਚ ਕੁਝ ਸਮਾਂ ਲੱਗੇਗਾ। ਇਸ ਸਮੇਂ ਸਾਡੀਆਂ ਕਈ ਟੀਮਾਂ ਇਸ ਕੰਮ ਵਿਚ ਦਿਨ ਰਾਤ ਇਕ ਕਰ ਰਹੀਆਂ ਹਨ ਤਾਂ ਜੋ ਇਸ ਸਬੰਧੀ ਜਲਦੀ ਤੋਂ ਜਲਦੀ ਕੋਈ ਕਾਰਵਾਈ ਕੀਤੀ ਜਾ ਸਕੇ। ਫੇਸਬੁੱਕ ਨੇ ਪਹਿਲਾਂ ਹੀ ਪਾਬੰਦੀ ਲਗਾਈ ਹੋਈ ਹੈ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਪਲੇਟਫ਼ਾਰਮਸ ਨੇ ਵੀ ਅਜਿਹਾ ਹੀ ਫ਼ੈਸਲਾ ਲਿਆ ਹੈ। ਫੇਸਬੁੱਕ ਨੇ ਪੂਰੇ ਯੂਰਪ ਵਿਚ ਰੂਸੀ ਮੀਡੀਆ ਨਾਲ ਸਬੰਧਤ ਚੈਨਲਾਂ ਨੂੰ ਬਲਾਕ ਕਰ ਦਿਤਾ ਹੈ। ਟਵਿੱਟਰ ਨੇ ਵੀ ਅਜਿਹਾ ਹੀ ਫ਼ੈਸਲਾ ਲਿਆ ਹੈ। ਟਵਿੱਟਰ ਨੇ ਕਿਹਾ ਹੈ ਕਿ ਉਹ ਰੂਸੀ ਮੀਡੀਆ ਚੈਨਲਾਂ ਤੋਂ ਸਮੱਗਰੀ ਵਾਲੇ ਟਵੀਟਸ ਦੀ ਪਹੁੰਚ ਨੂੰ ਘਟਾ ਦੇਵੇਗਾ। ਯਾਨੀ ਉਹ ਅਜਿਹੇ ਟਵੀਟਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਨਹੀਂ ਕਰੇਗਾ। (ਏਜੰਸੀ)