ਅੰਮ੍ਰਿਤਪਾਲ ਦਾ ਪੁਤਲਾ ਫੂਕਣ ਪਹੁੰਚੀ ਸ਼ਿਵ ਸੈਨਾ, ਰੋਕਣ ਲਈ ਆਈਆਂ ਸਿੱਖ ਜਥੇਬੰਦੀਆਂ, ਮਾਹੌਲ ਤਣਾਅਪੂਰਨ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਮੌਕੇ 'ਤੇ ਪਹੁੰਚ ਸੰਭਾਲੀ ਸਥਿਤੀ 

Shiv Sena came to blow Amritpal's effigy, Sikh organizations came to stop it

ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ 'ਚ ਵੀਰਵਾਰ ਨੂੰ ਸਥਿਤੀ ਉਸ ਸਮੇਂ ਇਕ ਵਾਰ ਫਿਰ ਤਣਾਅਪੂਰਨ ਹੋ ਗਈ ਜਦੋਂ ਇਕ ਪਾਸੇ ਸ਼ਿਵ ਸੈਨਾ ਬਾਲ ਠਾਕਰੇ ਦੇ ਅਹੁਦੇਦਾਰ ਆਪਣੇ ਸਮਰਥਕਾਂ ਸਮੇਤ ਅੰਮ੍ਰਿਤਪਾਲ ਸਿੰਘ ਦਾ ਪੁਤਲਾ ਫੂਕਣ ਲਈ ਪੁੱਜੇ ਓਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰਨ ਲਈ ਉਤਰ ਆਈਆਂ। ਇਸ ਦੇ ਨਾਲ ਹੀ ਮੌਕੇ 'ਤੇ ਪੰਜਾਬ ਪੁਲਿਸ ਵੀ ਉੱਥੇ ਪਹੁੰਚੀ ਗਈ ਤੇ ਮਾਹੌਲ 'ਤੇ ਕਾਬੂ ਪਾਇਆ ਅਤੇ ਇਸ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ।   

ਅੰਮ੍ਰਿਤਸਰ ਦੇ ਸੰਤ ਸਿੰਘ ਸੁੱਖਾ ਸਿੰਘ ਚੌਕ (4ਐੱਸ ਚੌਕ) ਕੋਲ ਸ਼ਿਵ ਸੈਨਾ ਬਾਲ ਠਾਕਰੇ ਵਿਰੋਧ ਕਰਨ ਲਈ ਪਹੁੰਚੇ। ਪ੍ਰਧਾਨ ਸੰਜੀਵ ਭਾਸਕਰ ਨੇ ਕਿਹਾ ਕਿ ਅਜਨਾਲਾ ਵਿਚ ਵਾਪਰੀ ਘਟਨਾ ਦਰਦਨਾਕ ਹੈ। ਇਕ ਪਾਸੇ ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਲੈ ਕੇ ਅਜਨਾਲਾ ਥਾਣੇ 'ਤੇ ਹਮਲਾ ਕੀਤਾ, ਉਥੇ ਹੀ ਦੂਜੇ ਪਾਸੇ ਪੁਲਿਸ 'ਤੇ ਵੀ ਦਬਾਅ ਪਾਇਆ। ਪੁਲਿਸ ਅਜੇ ਤੱਕ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਿਸ ਤੋਂ ਬਾਅਦ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। 

ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਅੰਮ੍ਰਿਤਪਾਲ ਸਿੰਘ ਵਿਰੁੱਧ ਕੀਤੇ ਜਾ ਰਹੇ ਵਿਰੋਧ ਦੀ ਸੂਚਨਾ ਮਿਲਦਿਆਂ ਹੀ ਸਿੱਖ ਜਥੇਬੰਦੀਆਂ ਵੀ 4ਐਸ ਚੌਕ ਪਹੁੰਚ ਗਈਆਂ। ਜਥੇਬੰਦੀਆਂ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਉਹ ਅੰਮ੍ਰਿਤਪਾਲ ਦਾ ਪੁਤਲਾ ਨਹੀਂ ਫੂਕਣ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਸ਼ਿਵ ਸੈਨਾ ਵਾਲੇ ਹਰ ਰੋਜ਼ ਸਿੱਖਾਂ ਖ਼ਿਲਾਫ਼ ਬੋਲਦੇ ਹਨ ਅਤੇ ਕਈ ਵਾਰ ਭਿੰਡਰਾਂਵਾਲਾ ਦਾ ਪੁਤਲਾ ਵੀ ਫੂਕਦੇ ਹਨ। ਅਜਿਹਾ ਕਰਕੇ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।   
ਸ਼ਿਵ ਸੈਨਾ ਦੇ ਸੰਜੀਵ ਭਾਸਕਰ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਪੁਤਲਾ ਸਾੜਨ ਤੋਂ ਰੋਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਕਰ ਰਹੇ ਹਨ। ਪੁਲਿਸ ਨੇ 7 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ। ਜੇਕਰ 7 ਦਿਨਾਂ 'ਚ ਅੰਮ੍ਰਿਤਪਾਲ ਸਿੰਘ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਮੁੜ ਇੱਥੇ ਆ ਕੇ ਅੰਮ੍ਰਿਤਪਾਲ ਦਾ ਪੁਤਲਾ ਫੂਕਣਗੇ।