‘ਆਪ’ ਸਰਕਾਰ ਦੀਆਂ ਪਰਿਵਰਤਨਕਾਰੀ ਤਬਦੀਲੀਆਂ ਪ੍ਰਤੀ ਵਚਨਬੱਧਤਾ ਨੇ ਪੰਜਾਬ ਦੇ ਕਰ ਮਾਲੀਏ ਨੂੰ ਵਧਾਇਆ: ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੀਐਸਟੀ ਅਧਾਰ ਤੇ ਕਰਪਾਲਣਾ ਵਿੱਚ ਵਾਧੇ ਅਤੇ ਇਮਾਨਦਾਰ ਟੈਕਸਦਾਤਾਵਾਂ ਨੂੰ ਹਰ ਸੰਭਵ ਮਦਦ ਦੇਣ ਸਦਕਾ ਹੋਇਆ ਕਰ ਮਾਲੀਏ ਵਿੱਚ ਵਾਧਾ: ਹਰਪਾਲ ਸਿੰਘ ਚੀਮਾ

AAP government's commitment to transformative changes has increased Punjab's tax revenue: Harpal Cheema

ਚੰਡੀਗੜ੍ਹ: ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮਾਰਚ 2022 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ, ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਟੁੱਟ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਪਰਿਵਰਤਨਕਾਰੀ ਬਦਲਾਅ ਲਾਗੂ ਕੀਤੇ, ਜਿਸਦੇ ਨਤੀਜੇ ਵਜੋਂ ਸਾਲ ਦਰ ਸਾਲ ਸੂਬੇ ਦੇ ਕਰ ਮਾਲੀਏ ਵਿੱਚ ਨਿਰੰਤਰ ਵਾਧਾ ਹੋਇਆ।  ਉਨ੍ਹਾਂ ਨੇ ਕਿਹਾ ਕਿ ਇਸੇ ਲੜੀ ਤਹਿਤ ਮੌਜੂਦਾ ਵਿੱਤੀ ਸਾਲ ਵਿੱਚ ਸੂਬੇ ਨੇ ਫਰਵਰੀ ਤੱਕ ਜੀਐਸਟੀ, ਆਬਕਾਰੀ, ਵੈਟ, ਸੀਐਸਟੀ, ਅਤੇ ਪੀਐਸਡੀਟੀ ਤੋਂ ਪ੍ਰਾਪਤ ਸ਼ੁੱਧ ਕਰ ਮਾਲੀਏ ਵਿੱਚ ਵਿੱਤੀ ਸਾਲ 2023-24 ਦੇ ਮੁਕਾਬਲੇ 12.10 ਪ੍ਰਤੀਸ਼ਤ ਦੀ ਵਿਕਾਸ ਦਰ ਹਾਸਿਲ ਕੀਤੀ, ਜਦੋਂ ਕਿ ਫਰਵਰੀ 2025 ਦੌਰਾਨ ਸ਼ੁੱਧ ਜੀਐਸਟੀ ਮਾਲੀਏ ਵਿੱਚ 28.01 ਫੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਦਰਜ਼ ਕੀਤਾ ਗਿਆ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਿੱਤੀ ਸਾਲ ਦੌਰਾਨ ਵਿੱਚ ਵਿੱਤੀ ਵਰ੍ਹੇ 2023-24 ਦੀ ਇਸੇ ਮਿਆਦ ਦੇ ਮੁਕਾਬਲੇ ਫਰਵਰੀ ਤੱਕ ਸ਼ੁੱਧ ਜੀਐਸਟੀ ਵਿੱਚ 13.39 ਫੀਸਦੀ, ਆਬਕਾਰੀ ਵਿੱਚ 14.43 ਫੀਸਦੀ, ਵੈਟ ਵਿੱਚ 5.10 ਫੀਸਦੀ, ਸੀਐਸਟੀ ਵਿੱਚ 17.03 ਫੀਸਦੀ ਅਤੇ ਪੀਐਸਡੀਟੀ ਵਿੱਚ 13.65 ਫੀਸਦੀ ਦੀ ਵਾਧਾ ਦਰ ਨਾਲ ਸੂਬੇ ਨੇ ਕਰ ਮਾਲੀਏ ਵਿੱਚ ਵਾਧੇ ਦੇ ਪਿਛਲੇ ਸਾਲਾਂ ਦੇ ਰੁਝਾਨਾਂ ਨੂੰ ਕਾਇਮ ਰੱਖਿਆ।  ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਫਰਵਰੀ ਤੱਕ ਇਨ੍ਹਾਂ ਕਰਾਂ ਤੋਂ ਸ਼ੁੱਧ ਮਾਲੀਆ ਪ੍ਰਾਪਤੀ 38272.66 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਵਿੱਤੀ ਸਾਲ ਦੌਰਾਨ 34141.36 ਕਰੋੜ ਰੁਪਏ ਸੀ, ਜਿਸ ਨਾਲ 4131.30 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ।

ਪਿਛਲੇ ਮਹੀਨੇ ਦੌਰਾਨ ਜੀਐਸਟੀ ਮਾਲੀਏ ਵਿੱਚ ਹੋਏ ਮਹੱਤਵਪੂਰਨ ਵਾਧੇ ਦਾ ਖਾਸਤੌਰ ‘ਤੇ ਜਿਕਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਫਰਵਰੀ 2025 ਦੌਰਾਨ ਸ਼ੁੱਧ ਜੀਐਸਟੀ ਮਾਲੀਆ ਪ੍ਰਾਪਤੀ ਵਿੱਚ 506.26 ਕਰੋੜ ਰੁਪਏ ਦਾ ਪ੍ਰਭਾਵਸ਼ਾਲੀ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਫਰਵਰੀ 2025 ਲਈ ਸ਼ੁੱਧ ਜੀਐਸਟੀ ਪ੍ਰਾਪਤੀ 2,313.69 ਕਰੋੜ ਰੁਪਏ ਰਹੀ, ਜਦੋਂ ਕਿ ਫਰਵਰੀ 2024 ਵਿੱਚ ਇਹ ਪ੍ਰਾਪਤੀ 1,807.43 ਕਰੋੜ ਰੁਪਏ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਬਕਾਰੀ ਮਾਲੀਏ ਵਿੱਚ ਸ਼ਲਾਘਾਯੋਗ ਵਾਧੇ ਦਾ ਵੀ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ 686.47 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਪ੍ਰਾਪਤ ਹੋਇਆ ਜੋ ਕਿ ਪਿਛਲੇ ਸਾਲ ਫਰਵਰੀ ਵਿੱਚ ਪ੍ਰਾਪਤ ਹੋਏ 656 ਕਰੋੜ ਰੁਪਏ ਦੇ ਮਾਲੀਏ ਤੋਂ 30.47 ਕਰੋੜ ਰੁਪਏ ਵੱਧ ਹੈ।

 ਸੂਬੇ ਦੇ ਕਰ ਮਾਲੀਏ ਨੂੰ ਬਿਹਤਰ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਆਬਕਾਰੀ ਅਤੇ ਕਰ ਵਿਭਾਗ ਦੋ-ਪੱਖੀ ਪਹੁੰਚ ਰਾਹੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਰਿਹਾ ਹੈ ਜਿਸ ਵਿੱਚ ਜੀਐਸਟੀ ਅਧਾਰ ਨੂੰ ਵਧਾਉਣ ਲਈ ਗੈਰ-ਰਜਿਸਟਰਡ ਕਾਰੋਬਾਰਾਂ ਨੂੰ ਜੀਐਸਟੀ ਅਧੀਨ ਲਿਆਉਣ ਲਈ ਮੁਹਿੰਮਾਂ ਚਲਾਉਣਾ ਅਤੇ ਰਜਿਸਟਰਡ ਟੈਕਸਦਾਤਾਵਾਂ ਵਿੱਚ ਕਰਪਾਲਣਾ ਵਧਾਉਣ ਦੇ ਨਾਲ-ਨਾਲ ਇਮਾਨਦਾਰ ਟੈਕਸਦਾਤਾਵਾਂ ਨੂੰ ਹਰ ਮਦਦ ਦੇਣਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਨੌਜਵਾਨ ਪੀੜ੍ਹੀ ਵਿੱਚ ਕਰਪਾਲਣਾ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਦੀ ਸੂਬੇ ਦੇ ਕਰ ਮਾਲੀਏ ਨੂੰ ਵਧਾਉਣ ਵਿੱਚ ਅਸਮਰੱਥਾ ਲਈ ਤਿੱਖੀ ਆਲੋਚਨਾ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੰਨ੍ਹਾਂ ਪਾਰਟੀਆਂ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਅਤੇ ਪ੍ਰਭਾਵਸ਼ਾਲੀ ਵਿੱਤੀ ਪ੍ਰਬੰਧਨ ਪ੍ਰਤੀ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਦਿਖਾਈ ਗਈ। ਵਿੱਤ ਮੰਤਰੀ ਚੀਮਾ ਨੇ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਮਾਨਦਾਰੀ, ਪਾਰਦਰਸ਼ਤਾ ਅਤੇ ਪਰਿਵਰਤਨਸ਼ੀਲ ਤਬਦੀਲੀਆਂ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਬਿਹਤਰ ਪ੍ਰਸ਼ਾਸਨ ਸਦਕਾ ਇਮਾਨਦਾਰ ਟੈਕਸਦਾਤਾਵਾਂ 'ਤੇ ਬੋਝ ਪਾਏ ਬਿਨਾਂ ਟੈਕਸ ਮਾਲੀਏ ਦੇ ਵਾਧੇ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਸੂਬੇ ਦੇ ਕਰ ਮਾਲੀਏ ਨੂੰ ਮਜ਼ਬੂਤ ਕੀਤਾ ਗਿਆ ਹੈ।