ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਲੋਕਾਂ ਤੋਂ ਮੁਆਫ਼ੀ ਮੰਗਣ ਅਕਾਲੀ ਆਗੂ : ਖਹਿਰਾ
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਬਰ ਵਿਰੋਧੀ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਅਕਾਲ ਤਖ਼ਤ
ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ (ਦਰਸ਼ਨ ਸਿੰਘ ਚੌਹਾਨ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਬਰ ਵਿਰੋਧੀ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਰਾਜ ਦੇ ਲੋਕਾਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਦਸ ਸਾਲਾਂ ਕਾਰਜਕਾਲ ਦੌਰਾਨ ਅਕਾਲੀਆਂ ਨੇ ਸੂਬੇ ਦੇ ਲੋਕਾਂ ਉਤੇ ਰਜ ਕੇ ਜਬਰ ਕੀਤਾ ਹੈ। ਰੁਜ਼ਗਾਰ ਮੰਗਦੇ ਮੁੰਡੇ ਕੁੜੀਆਂ ਦੀਆਂ ਪਗਾਂ ਅਤੇ ਚੁੰਨੀਆਂ ਸੜਕਾਂ 'ਤੇ ਰੋਲੀਆਂ ਅਤੇ ਬਸਾਂ ਹੇਠ ਲੋਕਾਂ ਨੂੰ ਦਰੜਿਆ ਹੈ।
ਇਥੇ ਜੰਗੇ-ਏ-ਆਜ਼ਾਦੀ ਦੇ ਮਹਾਨ ਸਪੂਤ ਸਹੀਦ ਊਧਮ ਸਿੰਘ ਦੇ ਬੁੱਤ 'ਤੇ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦੇਸ਼ 'ਤੇ ਲੰਮਾ ਸਮਾਂ ਰਾਜ ਕਰਨ ਵਾਲੇ ਹਾਕਮਾਂ ਨੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੀ ਬਜਾਏ ਰਾਜ ਸੱਤਾ 'ਤੇ ਕਾਬਜ਼ ਹੋਣ ਨੂੰ ਤਰਜੀਹ ਦਿਤੀ ਹੈ। ਉਨ੍ਹਾਂ ਕਿਹਾ ਕਿ ਮਾਫ਼ੀਆ ਰਾਜ ਵਿਰੁਧ ਦਸ ਸਾਲ ਅਕਾਲੀਆਂ ਨੂੰ ਗਾਲਾਂ ਕਢਣ ਵਾਲੇ ਕਾਂਗਰਸੀਆਂ ਨੇ ਵੀ ਹੁਣ ਉਸੇ ਮਾਫ਼ੀਆ ਰਾਜ ਨੂੰ ਅਪਣਾ ਲਿਆ ਹੈ। ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਮੁਢੋਂ ਵਿਸਾਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਨਾ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ ਅਤੇ ਨਾ ਹੀ ਹਰ ਘਰ ਵਿਚ ਇਕ ਨੌਕਰੀ ਦਿਤੀ। ਰਾਜ ਅੰਦਰ ਅਕਾਲੀ ਭਾਜਪਾ ਸਰਕਾਰ ਵਾਲਾ ਰੇਤ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਜਿਉਂ ਦੀ ਤਿਉਂ ਬਰਕਰਾਰ ਹੈ ਪ੍ਰੰਤੂ ਕਾਂਗਰਸ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਅਜਿਹੇ ਵਰਤਾਰੇ ਤੋਂ ਜਾਪ ਰਿਹਾ ਹੈ ਕਿ ਅਕਾਲੀ ਤੇ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ। ਉਨ੍ਹਾਂ ਅਪਣੇ ਅੰਦਾਜ਼ ਵਿਚ ਕਿਹਾ ਕਿ ਆਜ਼ਾਦੀ ਦੇ ਝੂਠੇ ਲੀਡਰ ਕੁਰਸੀਆਂ ਉਤੇ ਬਹਿਗੇ, ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿਗੇ। ਇਸ ਮੌਕੇ ਵਿਧਾਇਕ ਅਮਨ ਅਰੋੜਾ, ਪਿਰਮਲ ਸਿੰਘ, ਪ੍ਰੋਫ਼ੈਸਰ ਬਲਜਿੰਦਰ ਕੌਰ, ਆਮ ਆਦਮੀ ਪਾਰਟੀ ਦੇ ਬੁਲਾਰੇ ਐਡਵੋਕੇਟ ਹਰਦੀਪ ਸਿੰਘ ਭਰੂਰ, ਕੌਂਸਲਰ ਮਨਪੀ੍ਰਤ ਸਿੰਘ ਮਨੀ ਵੜੈਚ, ਸਾਹਿਬ ਸਿੰਘ, ਡਾ. ਅਨਵਰ ਭਸੌੜ ਸਮੇਤ ਹੋਰ ਆਗੂ ਹਾਜ਼ਰ ਸਨ।