ਡੀ.ਐਸ.ਪੀ. ਵਲੋਂ ਥਾਣਾ ਮੁਖੀ ਨੂੰ ਨਾਲ ਲੈ ਕੇ ਬੈਂਕਾਂ ਦਾ ਨਿਰੀਖਣ
ਮੋਹਾਲੀ ਪੁਲਿਸ ਵੱਲੋਂ ਬੀਤੇ ਬੁੱਧਵਾਰ ਨੂੰ ਉਦਯੋਗਿਕ ਖੇਤਰ ਫੇਜ਼-7 ਵਿਖੇ ਸਟੇਟ ਬੈਂਕ ਆਫ਼ ਇੰਡੀਆ 'ਚ ਡਕੈਤੀ ਕਰਨ ਵਾਲੇ ਅਪਰਾਧੀ ਨੂੰ ਫੜਨ ਤੋਂ ਆਪਣਾ ਰਵਇਆ ਸਖ਼ਤ ਕਰ ਲਿਆ ਹੈ।
ਐਸ.ਏ.ਐਸ.ਨਗਰ, 27 ਜੁਲਾਈ (ਗੁਰਮੁਖ ਵਾਲੀਆ): ਮੋਹਾਲੀ ਪੁਲਿਸ ਵੱਲੋਂ ਬੀਤੇ ਬੁੱਧਵਾਰ ਨੂੰ ਉਦਯੋਗਿਕ ਖੇਤਰ ਫੇਜ਼-7 ਵਿਖੇ ਸਟੇਟ ਬੈਂਕ ਆਫ਼ ਇੰਡੀਆ 'ਚ ਡਕੈਤੀ ਕਰਨ ਵਾਲੇ ਅਪਰਾਧੀ ਨੂੰ ਫੜਨ ਤੋਂ ਆਪਣਾ ਰਵਇਆ ਸਖ਼ਤ ਕਰ ਲਿਆ ਹੈ।
ਅੱਜ ਡੀਐਸਪੀ ਸਿਟੀ-1 ਆਲਮ ਵਿਜੈ ਨੇ ਅੱਜ ਥਾਣਾ ਮੁਖੀ ਨੂੰ ਨਾਲ ਲੈ ਕੇ ਇਲਾਕੇ ਦੇ ਏ.ਟੀ.ਐਮ. ਅਤੇ ਬੈਂਕਾਂ 'ਚ ਸਕਿਉਰਿਟੀ ਸਿਸਟਮ ਨੂੰ ਜਾ ਕੇ ਚੈਕ ਕੀਤਾ। ਇਸ ਸਬੰਧੀ ਡੀਐਸਪੀ ਸਿਟੀ -1 ਆਲਮ ਵਿਜੈ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਅੱਜ ਅਪਣੇ ਅਧਿਕਾਰ ਖੇਤਰ ਵਿਚ ਪੈਂਦੇ ਬੈਂਕਾਂ ਦੀ ਪੁਲਿਸ ਵਲੋਂ ਪਹਿਲ ਦੇ ਅਧਾਰ 'ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਕੀਤੇ ਦੌਰੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤਕਰੀਬਨ 90 ਫ਼ੀ ਸਦੀ ਬੈਂਕ ਏਟੀਐਮ 'ਤੇ ਸਕਿਉਰਟੀ ਗਾਰਡ ਹੀ ਮੌਜੂਦ ਨਹੀਂ ਹਨ। ਇਸ ਤੋਂ ਇਲਾਵਾ 10 ਫ਼ੀ ਸਦੀ ਬੈਂਕਾਂ 'ਚ ਵੀ ਸਕਿਉਰਿਟੀ ਗਾਰਡ ਦੀ ਮੌਜੂਦਗੀ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਅੱਜ ਬੈਂਕ ਅਤੇ ਏਟੀਐਮ 'ਚ ਲੱਗੇ ਸੀਸੀਟੀਵੀ ਕੈਮਰੇ, ਹੁਟਰ ਅਤੇ ਹੋਰ ਸਕਿਉਰਿਟੀ ਇੰਤਜ਼ਾਮਾਂ ਨੂੰ ਚੈਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਨੂੰ ਸਕਿਉਰਿਟੀ ਗਾਰਡ 'ਤੇ ਹੋਰ ਪੁਖਤਾ ਇੰਤਜ਼ਾਮ ਜਲਦ ਤੋਂ ਜਲਦ ਪੂਰੇ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਆਲਾ ਅਧਿਕਾਰੀਆਂ ਨੂੰ ਅੱਜ ਦੇ ਕੀਤੇ ਗਏ ਸਰਵੇ ਦੀ ਰੀਪੋਰਟ ਭੇਜੀ ਜਾਵੇਗੀ ਅਤੇ ਉਸ ਤੋਂ ਬਾਅਦ ਸ਼ਹਿਰ ਦੇ ਬੈਂਕ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾਏਗੀ।
ਇਸ ਤੋਂ ਇਲਾਵਾ ਡੀਐਸਪੀ ਸਿਟੀ-1 ਆਲਮ ਵਿਜੈ ਨੇ ਕਿਹਾ ਕਿ ਬੈਂਕ ਅਤੇ ਏਟੀਐਮ ਦੇ ਨਾਲ-ਨਾਲ ਸ਼ਹਿਰ ਦੇ ਜਵੈਲਰਾਂ 'ਚ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਟਾਫ਼ ਅਤੇ ਜਵੈਲਰ ਸ਼ਾਪ ਦੇ ਪ੍ਰਬੰਧਕਾਂ ਨੂੰ ਦੁਕਾਨ ਅੰਦਰ ਸਕਿਉਰਿਟੀ ਦੇ ਪੁਖਤਾ ਇੰਤਜ਼ਾਮ ਪੂਰੇ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਹਫ਼ਤੇ ਦਰ ਹਫ਼ਤੇ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾਏਗੀ।