ਭਾਰੀ ਮੀਂਹ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਪਰ ਜਨਜੀਵਨ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਮੇ ਇੰਤਜ਼ਾਰ ਦੇ ਬਾਅਦ ਸਾਉਣ ਮਹੀਨਾ ਅੱਧਾ ਬੀਤ ਜਾਣ ਤੋਂ ਬਾਅਦ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਤੇ ਪੰਜਾਬ ਸਮੇਤ ਚੰਡੀਗੜ੍ਹ 'ਚ ਲੱਗੀ ਮੀਂਹ ਦੀ ਝੜੀ ਕਾਰਨ...

Rain

ਚੰਡੀਗੜ੍ਹ, 27 ਜੁਲਾਈ (ਸਰਬਜੀਤ ਢਿੱਲੋਂ): ਲੰਮੇ ਇੰਤਜ਼ਾਰ ਦੇ ਬਾਅਦ ਸਾਉਣ ਮਹੀਨਾ ਅੱਧਾ ਬੀਤ ਜਾਣ ਤੋਂ ਬਾਅਦ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਤੇ ਪੰਜਾਬ ਸਮੇਤ ਚੰਡੀਗੜ੍ਹ 'ਚ ਲੱਗੀ ਮੀਂਹ ਦੀ ਝੜੀ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿਤੀ ਹੈ, ਉਥੇ ਜਨਜੀਵਨ ਵੀ ਪ੍ਰਭਾਵਤ ਹੋਇਆ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਚੰਡੀਗੜ੍ਹ 'ਚ ਪਿਛਲੇ ਮਾਨਸੂਨ ਦੀ ਤੁਲਨਾ 'ਚ ਕਾਫ਼ੀ ਘੱਟ ਮੀਂਹ ਪਏ ਹਨ। ਜਾਣਕਾਰੀ ਮੁਤਾਬਕ ਸ਼ਹਿਰ ਵਿਚ ਇਸ ਵਾਰ 52 ਫ਼ੀ ਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ ਪਰ ਹੁਣ ਆਉਂਦੇ ਸਮੇਂ 'ਚ ਚੰਗੀ ਬਰਸਾਤ ਹੋਣ ਦੀ ਸੰਭਾਵਨਾ ਹੈ। ਅੱਜ ਸਵੇਰ ਤੋਂ ਲੱਗੀ ਮੀਂਹ ਦੀ ਝੜੀ ਅਗਲੇ ਕੁੱਝ ਦਿਨਾਂ ਤਕ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਨਿਜਾਤ ਦਿਵਾਏਗੀ। ਚੰਡੀਗੜ੍ਹ ਮੌਸਮ ਵਿਭਾਗ ਦੇ ਬੁਲਾਰੇ ਅਨੁਸਾਰ ਅਗਲੇ ਦੋ-ਤਿੰਨ ਦਿਨ ਤਕ ਪੰਜਾਬ ਤੇ ਚੰਡੀਗੜ੍ਹ 'ਚ ਇਸੇ ਤਰ੍ਹਾਂ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿਚ ਅੱਜ ਦੁਪਹਿਰ ਤਕ ਮੀਂਹ ਪੈਂਦਾ ਰਿਹਾ।
ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਮੌਨਸੂਨ ਦੀ ਬਾਰਸ਼ ਸਾਉਣੀ ਦੀਆਂ ਫ਼ਸਲਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਪਹਿਲਾਂ ਆਉਣ ਸਦਕਾ ਕਿਸਾਨਾਂ ਨੂੰ ਭਾਰੀ ਰਾਹਤ ਮਿਲੇਗੀ।
ਅੱਜ ਦੀ ਬਾਰਸ਼ ਨਾਲ ਬਿਜਲੀ ਨਿਗਮਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਤਾਪਮਾਨ ਵਿਚ ਗਿਰਾਵਟ ਆਉਣ ਸਦਕਾ ਬਿਜਲੀ ਦੀ ਮੰਗ ਘਟ ਗਈ ਹੈ। ਅਧਿਕਾਰੀਆਂ ਮੁਤਾਬਕ ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਪਿਆ ਹੈ, ਉਥੇ ਏਅਰ ਕੰਡੀਸ਼ਨਰ ਦੀ ਵਰਤੋਂ ਘਟ ਗਈ ਤੇ ਖੇਤੀ ਲਈ ਵੀ ਕਿਸਾਨਾਂ ਨੂੰ ਟਿਊਬਵੈੱਲ ਬੰਦ ਕਰਨੇ ਪਏ।
ਅੱਜ ਮੀਂਹ ਕਾਰਨ ਜਿਥੇ ਚੰਡੀਗੜ੍ਹ ਪ੍ਰਸ਼ਾਸਨ ਕਾਫ਼ੀ ਸੈਕਟਰਾਂ 'ਚ ਪਾਣੀ ਭਰ ਗਿਆ ਉਥੇ ਹੀ ਜ਼ਿਲ੍ਹਾ ਅਦਾਲਤ ਨੇੜੇ ਸੜਕਾਂ 'ਤੇ ਵੀ ਪਾਣੀ ਇਕੱਠਾ ਹੋ ਗਿਆ। ਨਾਲ ਹੀ ਨਾ ਸਿਗਨਲ ਲਾਈਟਾਂ ਵੀ ਕੁੱਝ ਦੇਰ ਲਈ ਬੰਦ ਹੋ ਗਈਆਂ ਇਸ ਜਾਮ 'ਚ ਹਜ਼ਾਰਾਂ ਦੀ ਗਿਣਤੀ 'ਚ ਛੋਟੀਆਂ-ਵੱਡੀਆਂ ਗੱਡੀਆਂ ਜਾਮ ਵਿਚ ਫਸ ਗਈਆਂ। ਟ੍ਰੈਫ਼ਿਕ ਜਾਮ ਹੋਣ ਕਾਰਨ ਲੋਕ ਸਵੇਰ ਦੇ ਇਸ ਮੁਸੀਬਤ ਨੂੰ ਝੱਲ ਰਹੇ ਸਨ। ਭਾਰੀ ਮੀਂਹ ਦੇ ਚਲਦੇ ਜਿਥੇ ਲੋਕਾਂ ਨੂੰ ਵੀਰਵਾਰ ਨੂੰ ਅਪਣੇ ਦਫ਼ਤਰਾਂ 'ਚ ਪੁੱਜਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਥੇ ਕਈ ਸੈਕਟਰਾਂ 'ਚ ਟ੍ਰੈਫ਼ਿਕ ਪੁਲਿਸ ਲੇਟ ਪਹੁੰਚਣ 'ਤੇ ਲੋਕਾਂ ਨੇ ਆਪ ਹੀ ਪੁਲਿਸ ਦਾ ਕੰਮ ਕੀਤਾ। ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਮੁੱਖ ਚੌਕ ਸੈਕਟਰ-35, ਪਿਕਾਡਲੀ ਚੌਕ, ਲੇਬਰ ਚੌਕ, ਟ੍ਰਿਬਿਊਨ ਚੌਕ, 18-19 ਸੜਕ, ਸੈਕਟਰ-26 ਤੇ ਮੱਧਿਆ ਮਾਰਗ 'ਤੇ ਘੰਟਿਆਂਬਧੀ ਭਾਰੀ ਜਾਮ ਲੱਗੇ ਰਹੇ। ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਟ੍ਰੈਫ਼ਿਕ ਪੁਲਿਸ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਮੀਂਹ ਕਾਰਨ ਇਕ ਦਰਜਨ ਤੋਂ ਵੱਧ ਵਾਹਨ ਚਾਲਕ ਡਿੱਗੇ, ਰੋਡ ਬੰਦ ਹੋ ਗਏ, ਬਾਰਸ਼ ਹੋਣ ਕਾਰਨ ਸੜਕ 'ਤੇ ਮਿੱਟੀ-ਘੱਟੇ ਕਾਰਨ ਕਈ ਇਲਾਕਿਆਂ 'ਚ ਚਿੱਕੜ ਜੰਮ ਗਿਆ, ਜਿਸ ਕਾਰਨ ਕਈ ਵਾਹਨ ਚਾਲਕ, ਜਿਨ੍ਹਾਂ 'ਚ ਜ਼ਿਆਦਾਤਰ ਐਕਟਿਵਾ ਚਾਲਕ ਸਨ, ਜ਼ਖ਼ਮੀ ਹੋਏ ਹਨ। ਮੀਂਹ ਦੇ ਪਾਣੀ ਕਾਰਨ ਕਈਆਂ ਵਾਹਨ ਬੰਦ ਹੋ ਗਏ, ਜਿਨ੍ਹਾਂ ਨੂੰ ਪੁਲਿਸ ਦੀ ਮਦਦ ਨਾਲ ਹਟਾਇਆ ਗਿਆ। ਜ਼ਿਆਦਾਤਰ ਸੜਕਾਂ ਦੁਆਲੇ ਬਣੀਆਂ ਰੋਡ ਗਲੀਆਂ ਬੰਦ ਹੀ ਵੇਖਣ ਨੂੰ ਮਿਲੀਆਂ।
ਸੈਕਟਰ-17 ਤੇ 16 'ਚ ਦਰੱਖ਼ਤ ਡਿੱਗੇ
ਸੂਤਰਾਂ ਅਨੁਸਾਰ ਸਵੇਰੇ 11 ਵਜੇ ਸਿਟਕੋ ਦੇ ਹੋਟਲ ਸ਼ਿਵਾਲਿਕਵਿਊ ਸੈਕਟਰ-17 ਦੇ ਬਾਹਰ ਖੜਾ ਇਕ ਭਾਰੀ ਦਰੱਖ਼ਤ ਦੋ ਖੜੀਆਂ ਕਾਰਾਂ 'ਤੇ ਡਿੱਗ ਪਿਆ, ਜਿਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਕਈ ਹੋਰ ਥਾਵਾਂ 'ਤੇ ਵੀ ਦਰੱਖ਼ਤ ਡਿੱਗੇ ਹਨ। ਇਸੇ ਤਰ੍ਹਾਂ ਸੈਕਟਰ-16 ਦੇ ਹਸਪਤਾਲ ਦੇ ਬਾਹਰ ਚੌਕ ਕੋਲ ਇਕ ਭਾਰੀ ਦਰੱਖ਼ਤ ਡਿੱਗ ਗਿਆ, ਜਿਸ ਨਗਰ ਨਿਗਮ ਦੇ ਅਮਲੇ ਵਲੋਂ ਕੱਟ ਕੇ ਰਸਤੇ 'ਚੋਂ ਹਟਾਇਆ ਗਿਆ।  
ਭਾਰੀ ਮੀਂਹ ਦੇ ਚਲਦੇ ਪਾਰਾ 6 ਡਿਗਰੀ ਡਿੱਗ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 24 ਘੰਟਿਆਂ ਵਿਚ ਮੌਸਮ ਅਜਿਹਾ ਹੀ ਬਣਿਆ ਰਹੇਗਾ। ਚੰਡੀਗੜ੍ਹ ਦੇ ਕੁੱਝ ਸੈਕਟਰਾਂ ਸਵੇਰੇ 9.30 ਵਜੇ ਮੀਂਹ ਸ਼ੁਰੂ ਹੋਇਆ ਅਤੇ ਸਵੇਰੇ 10 ਵਜੇ ਲਗਭਗ ਪੂਰੇ ਸ਼ਹਿਰ 'ਚ ਮੀਂਹ ਪੈਣਾ ਸ਼ੁਰੂ ਹਾ ਗਿਆ। ਮੌਸਮ ਵਿਭਾਗ ਅਨੁਸਾਰ ਸਵੇਰੇ 11.30 ਵਜੇ ਤਕ ਸ਼ਹਿਰ ਵਿਚ ਲਗਭਗ 30 ਐਮਐਮ ਬਾਰਸ਼ ਹੋ ਚੁਕੀ ਸੀ।