ਸ਼ਰਧਾਂਜਲੀ ਸਮਾਗਮ 'ਚ ਖਹਿਰਾ ਨੇ ਪੜ੍ਹੇ ਕੈਪਟਨ ਦੇ ਕਸੀਦੇ
ਰਾਜਮਾਤਾ ਮੋਹਿੰਦਰ ਕੌਰ ਦੇ ਸ਼ਰਧਾਂਜਲੀ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪਾਰਟੀ ਅਤੇ...
ਪਟਿਆਲਾ, 30 ਜੁਲਾਈ (ਰਣਜੀਤ ਰਾਣਾ ਰੱਖੜਾ) : ਰਾਜਮਾਤਾ ਮੋਹਿੰਦਰ ਕੌਰ ਦੇ ਸ਼ਰਧਾਂਜਲੀ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਦੀ ਤਾਰੀਫ਼ ਵਿਚ ਖ਼ੂਬ ਕਸੀਦੇ ਪੜ੍ਹੇ।
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਤਿੰਨ ਵਾਰ ਕੁਰਬਾਨੀ ਦਿਤੀ ਹੈ। ਪਹਿਲੀ ਵਾਰ 1984 ਬਲਿਊ ਸਟਾਰ ਆਪ੍ਰੇਸ਼ਨ ਸਮੇਂ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ, ਦੂਜੀ ਵਾਰ ਬਲੈਕ ਥੰਡਰ ਆਪ੍ਰੇਸ਼ਨ 1987 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਤੌਰ ਖੇਤੀਬਾੜੀ ਮੰਤਰੀ ਅਸਤੀਫ਼ਾ ਦਿਤਾ। ਉਸ ਸਮੇਂ ਮੇਰੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਵੀ ਸਿਖਿਆ ਮੰਤਰੀ ਸਨ ਜਿਨ੍ਹਾਂ ਨੇ ਇਨ੍ਹਾਂ ਦੇ ਨਾਲ ਹੀ ਅਸਤੀਫ਼ਾ ਦੇ ਕੇ ਪੰਜਾਬ ਦੀ ਰਾਖੀ ਲਈ ਫ਼ੈਸਲਾ ਲਿਆ ਸੀ। ਤੀਜੀ ਵਾਰ ਕੇਂਦਰ ਵਿਚ ਡਾ. ਮਨਮੋਹਨ ਸਿੰਘ ਦੀ ਰਹਿਨੁਮਾਈ ਵਾਲੀ ਕਾਂਗਰਸ ਸਰਕਾਰ ਸੀ। ਉਸ ਸਮੇਂ ਐਸ.ਵਾਈ.ਐਲ. ਦਾ ਮਾਮਲਾ ਭਾਵੇਂ ਸੁਪਰੀਮ ਕੋਰਟ ਵਿਚ ਚੱਲ ਰਿਹਾ ਸੀ ਜਿਸ ਨੂੰ ਲਾਗੂ ਹੋਣ ਤੋਂ ਰੋਕਣ ਲਈ ਕੈ.ਅਮਰਿੰਦਰ ਸਿੰਘ ਨੇ ਅਪਣੀ ਹੀ ਪਾਰਟੀ ਦਾ ਵਿਰੋਧ ਕਰਦੇ ਹੋਏ ਐਸ.ਵਾਈ. ਐਲ. ਦੇ ਸਮਝੌਤੇ ਦੇ ਸਾਰੇ ਐਕਟ ਬਣਾ ਕੇ ਰੱਦ ਕਰ ਦਿਤੇ।
ਖਹਿਰਾ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਅਪਣੀ ਕੁਰਸੀ ਦੀ ਪ੍ਰਵਾਹ ਨਾ ਕਰਦਿਆਂ ਪੰਜਾਬ ਦੇ ਪਾਣੀ ਅਤੇ ਪੰਜਾਬ ਦੀ ਰਾਖੀ ਦੀ ਪਰਵਾਹ ਕੀਤੀ। ਖਹਿਰਾ ਦੀਆਂ ਇਨ੍ਹਾਂ ਟਿਪਣੀਆਂ ਕਾਰਨ ਪੰਡਾਲ ਵਿਚ ਬੈਠੇ ਅਕਾਲੀ ਆਗੂਆਂ 'ਚ ਚਰਚਾ ਚੱਲ ਰਹੀ ਸੀ ਕਿ ਖਹਿਰਾ ਵਲੋਂ ਅਜਿਹੀਆਂ ਤਾਰੀਫ਼ਾਂ ਤੋਂ ਪਤਾ ਚਲਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਦਾ ਮੁੜ ਤੋਂ ਕਾਂਗਰਸ ਪੱਖੀ ਮੋਹ ਜਾਗ ਰਿਹਾ ਹੈ।