ਵਿਦਿਆਰਥੀ ਸੰਗਠਨ ਚੋਣ ਮੂਡ 'ਚ, ਐਸ.ਐਫ਼.ਐਸ. ਤੇ ਪੁਸੁ ਵਲੋਂ ਧਰਨੇ
ਪੰਜਾਬ ਯੂਨੀਵਰਸਟੀ ਕੈਂਪਸ ਵਿਚ ਵਿਦਿਆਰਥੀ ਸੰਗਠਨ ਅਤੇ ਇਨ੍ਹਾਂ ਨਾਲ ਜੁੜੇ ਸਿਆਸੀ ਨੇਤਾ, ਚੋਣਾਂ ਦਾ ਮਾਹੌਲ ਬਣਾਉਣ ਲਈ ਸਰਗਰਮ ਹੋ ਗਏ ਹਨ। ਪੁਰਾਣੇ ਫਾਰਮੂਲੇ 'ਤੇ ਕੰਮ...
ਚੰਡੀਗੜ੍ਹ, 27 ਜੁਲਾਈ (ਬਠਲਾਣਾ): ਪੰਜਾਬ ਯੂਨੀਵਰਸਟੀ ਕੈਂਪਸ ਵਿਚ ਵਿਦਿਆਰਥੀ ਸੰਗਠਨ ਅਤੇ ਇਨ੍ਹਾਂ ਨਾਲ ਜੁੜੇ ਸਿਆਸੀ ਨੇਤਾ, ਚੋਣਾਂ ਦਾ ਮਾਹੌਲ ਬਣਾਉਣ ਲਈ ਸਰਗਰਮ ਹੋ ਗਏ ਹਨ। ਪੁਰਾਣੇ ਫਾਰਮੂਲੇ 'ਤੇ ਕੰਮ ਕਰਦਿਆਂ ਸਟੂਡੈਂਟਸ ਫ਼ਾਰ ਸੁਸਾਇਟੀ (ਐਸ.ਐਫ਼.ਐਸ.) ਅਤੇ ਪੰਜਾਬ ਯੂਨੀਵਰਸਟੀ ਸਟੂਡੈਂਟਸ ਯੂਨੀਅਨ (ਪੁਸੁ) ਵਲੋਂ ਅੱਜ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਧਰਨੇ/ਪ੍ਰਦਰਸ਼ਨ ਕੀਤੇ ਗਏ। ਬੀਤੇ ਕਲ ਇਨਸੋ ਕਾਰਕੁਨਾਂ ਨੂੰ ਹੱਲਾਸ਼ੇਰੀ ਦੇਣ ਲਈ ਇਨੈਲੋ ਪਾਰਟੀ ਦੇ ਨੇਤਾ ਦਿਗਵਿਜੇ ਤੇ ਚੌਟਾਲਾ ਵੀ ਕੈਂਪਸ ਵਿਚ ਗੇਡੀ ਮਾਰ ਚੁਕੇ ਹਨ। ਕਾਂਗਰਸ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਦੇ ਕੌਮੀ ਪ੍ਰਧਾਨ ਫੈਰੋਜ਼ ਖ਼ਾਨ ਤਾਂ ਮਹੀਨੇ ਭਰ 'ਚ ਦੋ ਫੇਰੀਆਂ ਮਾਰ ਚੁਕੇ ਹਨ। ਨੇਤਾਵਾਂ ਵਲੋਂ ਪਾਰਟੀਆਂ ਬਦਲਣ ਦਾ ਜੁਗਾੜ ਵੀ ਚੱਲ ਰਿਹਾ ਹੈ। ਅੱਜ ਐਸ.ਐਫ਼.ਐਸ. ਵਲੋਂ ਜਾਰੀ ਬਿਆਨ 'ਚ ਦਸਿਆ ਗਿਆ ਕਿ ਉਨ੍ਹਾਂ ਦੇ ਹਮਾਇਤੀ ਹੋਸਟਲ ਨੰਬਰ 3-4 ਅੱਗੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਰੋਸ ਹੈ ਕਿ ਰਾਤ ਨੂੰ 9 ਵਜੇ ਤੋਂ ਬਾਅਦ ਲਾਇਬ੍ਰੇਰੀ ਜਾਣ ਲਈ ਭਰਨ ਵਾਲਾ ਫ਼ਾਰਮ ਹੋਸਟਲ 'ਚੋਂ ਗਾਇਬ ਕਰ ਦਿਤਾ ਗਿਆ ਹੈ। ਪਿਛਲੇ ਸਾਲ ਲੰਮੇ ਸੰਘਰਸ਼ ਮਗਰੋਂ ਇਹ ਸਹੂਲਤ ਹਾਸਲ ਕੀਤੀ ਗਈ ਹੈ। ਉਧਰ ਹੋਸਟਲ ਨੰਬਰ 4 ਦੀ ਵਾਰਡਨ ਨੈ ਨੋਟਿਸ ਲਾਇਆ ਹੈ ਕਿ ਹੁਣ ਇਹ ਫ਼ਾਰਮ, ਮੁੱਖ ਲਾਇਬ੍ਰੇਰੀ 'ਚ ਹੀ ਮਿਲੇਗਾ ਪਰ ਚੋਣਾਂ ਦੇ ਮੁੱਦੇਨਜ਼ਰ ਵਿਦਿਆਰਥੀ ਸੰਗਠਨ ਮੁੱਦਿਆਂ ਦੀ ਭਾਲ 'ਚ ਹਨ।
ਪੁਸੁ ਵਲੋਂ ਕਲਾਸਾਂ ਦਾ ਬਾਈਕਾਟ: ਪਿਛਲੇ ਸਾਲ ਕੌਂਸਲ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੀ ਪੁਸੁ ਨੇ ਅੱਜ ਯੂਲਿਸ ਵਿਭਾਗ ਦੇ ਕੁੱਝ ਫ਼ੈਸਲਿਆਂ ਦਾ ਵਿਰੋਧ ਕਰਨ ਲਈ ਕਲਾਸਾਂ ਦੇ ਬਾਈਕਾਟ ਦਾ ਸੱਦਾ ਦਿਤਾ ਹੋਇਆ ਸੀ। ਉਹ 65 ਫ਼ੀ ਸਦੀ ਹਾਜ਼ਰੀਆਂ ਅਤੇ 6 ਵਿਸ਼ਿਆਂ ਦੇ ਰੂਲ ਵਿਰੁਧ ਸਨ। ਪੁਸੁ ਦੇ ਬੁਲਾਰੇ ਹਾਰਦਿਕ ਆਹਲੂਵਾਲੀਆ ਨੇ ਦਾਅਵਾ ਕੀਤਾ ਕਿ ਵਿਭਾਗ ਦੇ ਨਿਰਦੇਸ਼ਕ ਨਾਲ ਹੋਈ ਮੀਟਿੰਗ 'ਚ ਉਨ੍ਹਾਂ ਗਤੀਵਿਧੀਆਂ ਦੀ ਜਾਣਕਾਰੀ ਮਿਲੀ, ਜਿਨ੍ਹਾਂ ਰਾਹੀਂ ਲੈਕਚਰ ਮਿਲ ਸਕਦੇ ਹਨ। ਕਲਾਸ ਰੂਮ ਵਿਚ ਚਾਰ ਏ.ਸੀ. ਲਾਏ ਜਾਣਗੇ, ਪਾਰਕਿੰਗ ਲਈ ਥਾਂ ਦਿਤੀ ਜਾਵੇਗੀ। ਆਨਰਜ਼ ਨਾਲ ਸਬੰਧਤ ਮੁੱਦਿਆਂ ਬਾਰੇ ਸਪੱਸ਼ਟੀਕਰਨ ਦੀ ਗੱਲ ਵੀ ਹੋਈ।
ਆਈ.ਐਸ.ਏ. ਵੀ ਸਰਗਰਮ: ਇੰਡੀਅਨ ਸਟੂਡੈਂਟਸ ਐਸੋਸੀਏਸ਼ਨ (ਆਈ.ਐਸ.ਏ.) ਨਾਮਕ ਜਥੇਬੰਦੀ ਵੀ ਇਸ ਵਾਰੀ ਕਾਫ਼ੀ ਸਰਗਰਮ ਹੋ ਗਈ ਲਗਦੀ ਹੈ ਕਿਉਂਕਿ ਸੋਈ ਦਾ ਸਾਬਕਾ ਪ੍ਰਧਾਨ ਕਰਨ ਰੰਧਾਵਾ ਇੱਧਰ ਆ ਗਿਆ ਹੈ, ਜਿਸ ਨੇ ਆਈ.ਐਸ.ਏ. ਦੇ ਪੁਰਾਣੇ ਦਿੱਗਜ਼ਾਂ ਨੂੰ ਨਾਲ ਜੋੜ ਲਿਆ ਹੈ।
ਇਸ ਤੋਂ ਇਲਾਵਾ ਅਕਾਲੀ ਦਲ ਬਾਦਲ ਦੀ ਸੋਈ, ਭਾਜਪਾ ਦੀ ਏ.ਬੀ.ਵੀ.ਪੀ. ਵੀ ਸਰਗਰਮ ਹੋ ਰਹੀਆਂ ਹਨ।
ਪ੍ਰਸ਼ਾਸਨ ਸਖ਼ਤ: ਇਕ ਪਾਸੇ ਵਿਦਿਆਰਥੀ ਸੰਗਠਨ ਚੋਣਾਂ ਦੀ ਤਿਆਰੀ ਵਜੋਂ ਰੋਸ ਪ੍ਰਦਰਸ਼ਨ ਕਰ ਕੇ ਅਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ, ਦੂਜੇ ਪਾਸੇ ਯੂਨੀਵਰਸਟੀ ਪ੍ਰਸ਼ਾਸਨ ਨੇ ਵਾਹਨਾਂ 'ਤੇ ਪਾਬੰਦੀ ਅਤੇ 5 ਵਜੇ ਤੋਂ ਕੈਂਪਸ 'ਚ ਦਾਖ਼ਲੇ 'ਤੇ ਪਾਬੰਦੀ ਲਾ ਕੇ ਅਪਣੇ ਇਰਾਦੇ ਸਪੱਸ਼ਟ ਕਰ ਦਿਤੇ ਹਨ ਕਿ ਪਿਛਲੇ ਸਾਲ ਵਾਲਾ ਹਿੰਸਕ ਮਾਹੌਲ ਨਹੀਂ ਬਣਨ ਦਿਤਾ ਜਾਵੇਗਾ।