'ਸਪੋਕਸਮੈਨ' ਨੇ ਹਮੇਸ਼ਾ ਸੱਚ ਲਿਖਣ ਦਾ ਜੇਰਾ ਕੀਤਾ : ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਲਈ ਵੱਡਾ ਆਰਥਕ ਪੈਕੇਜ ਦਾ ਐਲਾਨ ਕਰੇ ਤਾਕਿ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਬਚਾਇਆ ਜਾ ਸਕੇ।

Ravneet Bittu

 

ਪਟਿਆਲਾ, 30 ਜੁਲਾਈ (ਰਣਜੀਤ ਰਾਣਾ ਰੱਖੜਾ) : ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਲਈ ਵੱਡਾ ਆਰਥਕ ਪੈਕੇਜ ਦਾ ਐਲਾਨ ਕਰੇ ਤਾਕਿ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਬਚਾਇਆ ਜਾ ਸਕੇ। ਇਹ ਗੱਲ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ 'ਰੋਜ਼ਾਨਾ ਸਪੋਕਸਮੈਨ' ਦੇ ਸਬ ਆਫ਼ਿਸ ਪਟਿਆਲਾ ਵਿਖੇ ਪਹੁੰਚ ਕੇ ਗੱਲਬਾਤ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਅੰਨਦਾਤੇ ਨੂੰ ਬਚਾਉਣ ਲਈ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਤੁਰਤ ਲਾਗੂ ਕਰੇ। ਸ. ਬਿੱਟੂ ਨਾਲ ਵਿਧਾਇਕ ਭਾਰਤ ਭੂਸ਼ਣ ਲੁਧਿਆਣਾ ਪੂਰਬ, ਸੰਜੇ ਤਲਵਾੜ ਲੁਧਿਆਣਾ ਪਛਮੀ, ਸੀਨੀਅਰ ਯੂਥ ਆਗੂ ਰਾਜੇਸ਼ ਅੱਤਰੀ, ਦੀਪਕ ਡਕਾਲਾ, ਗੌਰਵ ਡਕਾਲਾ, ਗੁਰਦੀਪ ਸਿੰਘ ਸਰਪੰਚ ਵੀ ਸਨ।
ਰਵਨੀਤ ਬਿੱਟੂ ਤੇ ਵਿਧਾਇਕਾਂ ਨੂੰ ਦਫ਼ਤਰ ਪਹੁੰਚਣ 'ਤੇ ਸਪੋਕਸਮੈਨ ਦੀ ਟੀਮ ਵਲੋਂ ਸਨਮਾਨਤ ਵੀ ਕੀਤਾ ਗਿਆ। ਰਵਨੀਤ ਬਿੱਟੂ ਨੇ 'ਰੋਜ਼ਾਨਾ ਸਪੋਕਸਮੈਨ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਿਧੜਕ ਅਖ਼ਬਾਰ ਹੈ ਜਿਸ ਨੇ ਹਮੇਸ਼ਾ ਸੱਚ ਦੇ ਆਧਾਰ 'ਤੇ ਲਿਖਣ ਦਾ ਜੇਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀ ਲੇਖਣੀ ਖ਼ਾਸਕਰ ਸੰਪਾਦਕੀਆਂ ਦੇ ਕਾਇਲ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਨੂੰ ਪਿਛਲੇ 10 ਸਾਲਾਂ ਵਿਚ ਅਕਾਲੀ ਦਲ ਤੇ ਭਾਜਪਾ ਨੇ ਰਲ ਕੇ ਲੁਟਿਆ ਤੇ ਕੁਟਿਆ  ਹੈ। ਕਰਜ਼ਾਈ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਲਈ ਸੂਬਾ ਸਰਕਾਰ ਵੱਡੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਮੁੱਚੀ ਟੀਮ ਮਿਲ ਕੇ ਪੰਜਾਬ ਦੀ ਤਰੱਕੀ ਲਈ ਦਿਨ ਰਾਤ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਜਿਸ ਦੀ ਭਾਈਵਾਲ ਪਾਰਟੀ ਅਕਾਲੀ ਦਲ ਕਦੇ ਵੀ ਕੇਂਦਰ ਸਰਕਾਰ ਵਿਰੁਧ ਨਹੀਂ ਬੋਲੀ ਅਤੇ ਸੂਬੇ ਦੇ ਲੋਕਾਂ ਲਈ ਕਦੇ ਵੀ ਆਰਥਕ ਪੈਕੇਜ ਦੀ ਮੰਗ ਨਹੀਂ ਕੀਤੀ। ਇਸ ਤੋਂ ਸਾਫ਼ ਝਲਕਦਾ ਹੈ ਕਿ ਅਕਾਲੀ ਦਲ ਲੋਕਾਂ ਨੂੰ ਗੁਮਰਾਹ ਕਰ ਕੇ ਵੋਟਾਂ ਲੈਣ ਤਕ ਸੀਮਤ ਰਿਹਾ ਹੈ।