ਸੜਕ ਹਾਦਸੇ 'ਚ ਇਕ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ
ਸਾਹਨੇਵਾਲ ਕੌਮੀ ਸ਼ਾਹ ਮਾਰਗ 'ਤੇ ਬੱਸ ਦੀ ਉਡੀਕ ਕਰ ਰਹੀ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿਤਾ ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।
ਕੁਹਾੜਾ/ਸਾਹਨੇਵਾਲ, 27 ਜੁਲਾਈ (ਮਹੇਸ਼ਇੰਦਰ ਸਿੰਘ ਮਾਂਗਟ): ਸਾਹਨੇਵਾਲ ਕੌਮੀ ਸ਼ਾਹ ਮਾਰਗ 'ਤੇ ਬੱਸ ਦੀ ਉਡੀਕ ਕਰ ਰਹੀ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿਤਾ ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬਲਜੀਤ ਕੌਰ, ਸੰਨੀ, ਬਲਵਿੰਦਰ ਸਿੰਘ ਜੋ ਕਿ ਸੜਕ ਕਿਨਾਰੇ ਖੜੇ ਅਪਣੇ ਕੰਮ 'ਤੇ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਲੁਧਿਆਣਾ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਖੜੇ ਇਨ੍ਹਾਂ ਤਿੰਨਾਂ ਵਿਅਕਤੀਆਂ ਦੇ ਉਪਰ ਚੜ੍ਹ ਗਈ ਤੇ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਤਿੰਨਾਂ ਨੂੰ ਬਹੁਤ ਦੂਰ ਤਕ ਚੁਕ ਕੇ ਸੁੱਟ ਦਿਤਾ ਤੇ ਇਨ੍ਹਾਂ ਤਿੰਨਾਂ ਦੀ ਹੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਥਾਣਾ ਸਾਹਨੇਵਾਲ ਦੀ ਪੁਲਿਸ ਦੇ ਏ.ਐਸ.ਆਈ ਸ. ਸੋਹਣ ਸਿੰਘ ਨੇ ਤਿੰਨਾਂ ਮ੍ਰਿਤਕਾਂ ਤੇ ਹਾਦਸੇ ਵਾਲੀ ਕਾਰ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਤੇ ਕਾਰ ਚਾਲਕ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ। ਜਿਉਂ ਹੀ ਖ਼ਬਰ ਮ੍ਰਿਤਕਾਂ ਦੇ ਵਾਰਸਾਂ ਤਕ ਪਹੁੰਚੀ ਤਾਂ ਉਨ੍ਹਾਂ ਤੇ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਕੌਮੀ ਸ਼ਾਹ ਮਾਰਗ 'ਤੇ ਧਰਨਾ ਲਾ ਦਿਤਾ। ਕਾਰ ਚਾਲਕ ਨੂੰ ਜਲਦੀ ਫੜਨ ਦੀ ਮੰਗ ਕਰਨ ਲੱਗ ਪਏ। ਇਹ ਧਰਨਾ ਲਗਭਗ 2 ਘੰਟੇ ਲੱਗਾ ਰਿਹਾ ਜਦੋਂ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਮੌਕੇ 'ਤੇ ਨਾ ਪਹੁੰਚਿਆ ਤਾਂ ਇਸ ਭੜਕੀ ਭੀੜ ਨੇ ਪੁਲਿਸ ਪ੍ਰਸ਼ਾਸਨ ਵਿਰੁਧ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ।
ਜਦੋ ਇਸ ਧਰਨੇ ਕਾਰਨ ਸਾਰੀ ਆਵਾਜਾਈ ਠੱਪ ਹੋ ਗਈ ਤਾਂ ਮੌਕੇ 'ਤੇ ਥਾਣਾ ਸਾਹਨੇਵਾਲ ਦੀ ਏ.ਸੀ.ਪੀ ਹਰਕੰਵਲ ਕੌਰ ਅਪਣੀ ਪੁਲਿਸ ਪਾਰਟੀ ਨਾਲ ਪਹੁੰਚ ਗਈ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਭਰੋਸਾ ਦਿਤਾ ਕਿ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਭਰੋਸਾ ਦੇਣ ਤੋਂ ਬਾਅਦ ਧਰਨੇ ਦੀ ਸਮਾਪਤੀ ਕੀਤੀ ਗਈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕਾਰ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਅਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ।