ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਉਣ ਲਈ ਦੋ ਰੋਜ਼ਾ ਸਮਾਗਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਨੂੰ ਸਮਾਰਟ ਪਲਾਨ 2021 ਤਕ ਵਿਕਸਤ ਕਰਨ ਲਈ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਾਂਝੇ ਸਹਿਯੋਗ ਨਾਲ ਚੰਡੀਗੜ੍ਹ...

Smart city

 

ਚੰਡੀਗੜ੍ਹ, 28 ਜੁਲਾਈ (ਸਰਬਜੀਤ ਢਿੱਲੋਂ): ਚੰਡੀਗੜ੍ਹ ਨੂੰ ਸਮਾਰਟ ਪਲਾਨ 2021 ਤਕ ਵਿਕਸਤ ਕਰਨ ਲਈ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਾਂਝੇ ਸਹਿਯੋਗ ਨਾਲ ਚੰਡੀਗੜ੍ਹ 'ਚ ਦੋ ਰੋਜ਼ਾ 'ਸਮਾਰਟ ਸਿਟੀ ਕਨਕਲੇਵ' ਸ਼ੁਰੂ ਹੋਈ, ਜਿਸ ਵਿਚ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸੱਤ ਸੂਬਿਆਂ ਤੇ ਮੇਅਰ ਅਤੇ ਫ਼ਰਾਂਸ, ਯੂ.ਕੇ. ਤੇ ਨੇਪਾਲ ਦੇ ਉੱਚ ਪਧਰੀ ਪ੍ਰਤੀਨਿਧਾਂ ਨੇ ਵੀ ਹਿੱਸਾ ਲਿਆ। ਇਨ੍ਹਾਂ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਚੰਡੀਗੜ੍ਹ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਟਰਾਂਸਪੋਰਟ ਸਿਸਟਮ 'ਚ ਸੁਧਾਰ, ਸਾਇੰਸ ਤੇ ਆਈ.ਟੀ. ਸੈਕਟਰ, ਸਿਖਿਆ ਦਾ ਪ੍ਰਸਾਰ, ਆਧੁਨਿਕ ਵਿਕਾਸ ਲਈ ਤਕਨੀਕੀ ਤੌਰ 'ਤੇ ਢਾਂਚਾ ਤਿਆਰ ਅਤੇ ਵਾਤਾਵਰਣ 'ਚ ਸੁਧਾਰ ਆਦਿ ਕਰਨ 'ਚ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣਾ ਹੈ।
ਇਸ ਮੌਕੇ ਇਨ੍ਹਾਂ ਦੇਸ਼-ਵਿਦੇਸ਼ਾਂ ਤੋਂ ਆਏ ਪ੍ਰਤੀਨਿਧਾਂ ਦਾ ਸਵਾਗਤ ਕਰਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਚੰਡੀਗੜ੍ਹ ਇਕ ਪਲਾਨਡ ਸ਼ਹਿਰ ਹੈ ਪਰ ਦੂਜੇ ਦੇਸ਼ਾਂ ਤੇ ਸੂਬਿਆਂ ਵਲਂ ਦਿਤੇ ਜਾ ਰਹੇ ਸਹਿਯੋਗ ਤੋਂ ਬਿਨਾਂ ਇਸ ਨੂੰ ਤਕਨੀਕੀ ਪੱਧਰ 'ਤੇ ਸੁੰਦਰ ਨਹੀਂ ਬਣਾਇਆ ਜਾ ਸਕਦਾ। ਇਸ ਮੌਕੇ ਉਨ੍ਹਾਂ ਦੂਜੇ ਸੱਤ ਸੂਬਿਆਂ ਅਤੇ ਫ਼ਰਾਂਸ, ਯੂ.ਕੇ. ਤੇ ਨੇਪਾਲ ਦੇ ਪ੍ਰਤੀਨਿਧਾਂ ਤੋਂ ਚੰਡੀਗੜ੍ਹ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਬਾਲਦਿਉ ਪਾਰਸੂਆਰਥਾ ਨੇ ਸਭਨਾਂ ਨੂੰ ਤਕਨੀਕੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਮਾਗਮ ਵਿਚ ਪ੍ਰਸ਼ਾਸਕ ਦੇ ਸਲਾਹਕਾਰ ਪ੍ਰੀਮਲ ਰਾਏ, ਗ੍ਰਹਿ ਸਕੱਤਰ ਅਨੁਰਾਗ ਅਗਰਵਾਲ, ਮੇਅਰ ਆਸ਼ਾ ਜੈਸਵਾਲ, ਕੌਂਸਲਰ ਅਤੇ ਕਈ ਕੰਪਨੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ ਜਿਨ੍ਹਾਂ ਵਲੋਂ ਵੱਖ-ਵੱਖ ਪ੍ਰਾਜੈਕਟਾਂ ਲਈ ਪ੍ਰਦਰਸ਼ਨੀ ਵੀ ਲਾਈ ਗਈ। ਇਹ ਸਮਾਗਮ 29 ਜੁਲਾਈ ਨੂੰ ਸਮਾਪਤੀ ਹੋਵੇਗਾ।