ਪੰਜਾਬੀ ਯੂਨੀਵਰਸਟੀ ਦੇ ਮੰਦੜੇ ਹਾਲ ਨੂੰ ਕੌਣ ਸੁਧਾਰੇਗਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਯੂਨੀਵਰਸਟੀ ਪਟਿਆਲਾ ਜਿਥੇ ਪਹਿਲਾਂ ਹੀ ਕਰੋੜਾਂ ਰੁਪਏ ਦੇ ਘਾਟੇ ਨਾਲ ਜੂਝ ਰਹੀ ਹੈ ਉਥੇ ਹੀ ਵਿਦਿਆਰਥੀਆਂ ਤੋਂ ਫ਼ੀਸਾਂ ਦੇ ਰੂਪ ਵਿਚ ਵਸੂਲੀ ਜਾ ਰਹੀ ਵੱਧ....

Punjabi University

 

ਪਟਿਆਲਾ, 28 ਜੁਲਾਈ (ਰਣਜੀਤ ਰਾਣਾ ਰੱਖੜਾ): ਪੰਜਾਬੀ ਯੂਨੀਵਰਸਟੀ ਪਟਿਆਲਾ ਜਿਥੇ ਪਹਿਲਾਂ ਹੀ ਕਰੋੜਾਂ ਰੁਪਏ ਦੇ ਘਾਟੇ ਨਾਲ ਜੂਝ ਰਹੀ ਹੈ ਉਥੇ ਹੀ ਵਿਦਿਆਰਥੀਆਂ ਤੋਂ ਫ਼ੀਸਾਂ ਦੇ ਰੂਪ ਵਿਚ ਵਸੂਲੀ ਜਾ ਰਹੀ ਵੱਧ ਰਾਸ਼ੀ ਕਾਰਨ ਚਰਚਾ ਵਿਚ ਬਣੀ ਹੋਈ ਹੈ। ਹਾਲ ਹੀ ਵਿਚ ਚਲ ਰਹੇ ਦਾਖ਼ਲਿਆਂ ਦੀਆਂ ਫ਼ੀਸਾਂ ਵਿਚ ਪ੍ਰਾਸਪੈਕਟ ਦੀ ਫ਼ੀਸ ਵਸੂਲ ਕੀਤੀ ਜਾਂਦੀ ਸੀ, ਹੁਣ ਪ੍ਰਾਸਪੈਕਟ ਦੇਣਾ ਬੰਦ ਕਰ ਦਿਤਾ ਹੈ, ਦੂਜੇ ਪਾਸੇ ਇਸ ਪ੍ਰਾਸਪੈਕਟ ਨੂੰ ਨੈਟ ਤੋਂ ਡਾਊਨਲੋਡ ਕਰ ਕੇ ਭਰਨਾ ਹੁੰਦਾ ਹੈ, ਜਿਸ ਕਾਰਨ ਵਿਦਿਆਰਥੀਆਂ ਦੀ ਦੋਹਰੀ ਖੱਜਲ ਖੁਆਰੀ ਹੋ ਰਹੀ ਹੈ। ਦੂਜਾ ਡਾਊਨਲੋਡ ਫਾਰਮ ਨੂੰ ਭਰਨ ਲੱਗਿਆ ਵਿਦਿਆਰਥੀਆਂ ਦੀ ਬੱਸ ਹੋ ਜਾਂਦੀ ਹੈ। ਇੰਨ੍ਹਾਂ ਹੀ ਨਹੀਂ ਗਰਮੀ ਦੇ ਅਤਿ ਦੇ ਸੀਜ਼ਨ ਵਿਚ ਪੀਣ ਵਾਲੇ ਪਾਣੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਮਜਬੂਰੀ ਵਿਚ ਕੰਟੀਨ ਤੋਂ ਠੰਢੇ ਪਾਣੀ ਦੀਆਂ ਬੋਤਲਾਂ ਖ਼ਰੀਦਣ ਨੂੰ ਮਜ਼ਬੂਰ ਵਿਦਿਆਰਥੀ ਘੰਟਿਆਂ ਬੱਧੀ ਲਾਈਨ ਵਿਚ ਲੱਗੇ ਖੱਜਲ ਖੁਆਰ ਹੋ ਰਹੇ ਹਨ। ਪੀਯੂ ਵਲੋਂ ਕੋਈ ਵੀ ਹੈਲਪ ਡੈਸਕ ਦੀ ਸਹੂਲਤ ਮੁਹਈਆ ਨਹੀਂ ਕਰਵਾਈ ਗਈ ਜਿਸ ਕਾਰਨ ਵਿਦਿਆਰਥੀਆਂ ਨੂੰ ਲੰਮਾ ਸਮਾਂ ਲਾਈਨ ਵਿਚ ਖੜਨ ਤੋਂ ਬਾਅਦ ਜਦੋਂ ਵਾਰੀ ਆਉਂਦੀ ਹੈ ਤਾਂ ਉਸ ਨੂੰ ਦੂਜੀ ਖਿੜਕੀ 'ਤੇ ਭੇਜ ਦਿਤਾ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਮੁੜ ਤੋਂ ਦੂਜੀ ਲਾਈਨ ਵਿਚ ਖੜਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪੀਯੂ ਦੇ ਗੇਟਾਂ ਦੇ ਬਾਹਰ ਨੈਟ ਵਾਲੀਆਂ ਦੁਕਾਨਾਂ 'ਤੇ ਡਾਊਨਲੋਡ ਕੀਤੇ ਫਾਰਮਾਂ ਦੀਆਂ ਫ਼ੋਟੋ ਸਟੈਟ ਕਾਪੀਆਂ ਦੁਗਣੇ ਰੇਟਾਂ 'ਤੇ ਦਿਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪੀਯੂ ਦੇ ਮੁਲਾਜ਼ਮ ਵਲੋਂ ਇਨ੍ਹਾਂ ਦੁਕਾਨਦਾਰਾਂ ਤੋਂ ਕਮਿਸ਼ਨਾਂ ਵਸੂਲਣ ਬਾਰੇ ਵੀ ਪਤਾ ਲੱਗਾ ਹੈ।
'ਤੂਤੀ' ਬਾਦਲ ਦੀ ਹਮੇਸ਼ਾਂ ਹੀ ਰਹੂਗੀ ਬੋਲਦੀ
ਸੂਬੇ ਅੰਦਰ ਭਾਵੇਂ ਕਾਂਗਰਸ ਪਾਰਟੀ ਦੀ ਸਰਕਾਰ ਆ ਚੁੱਕੀ ਹੈ, ਪਰ ਪੀਯੂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 'ਤੂਤੀ' ਹਮੇਸ਼ਾਂ ਹੀ ਬੋਲਦੀ ਰਹੇਗੀ। ਇਸ ਦਾ ਜਿਊਂਦਾ ਜਾਗਦਾ ਸਬੂਤ ਗੋਲਡਨ ਜੁਬਲੀ ਕੰਪਲੈਕਸ ਬਿਲਡਿੰਗ ਦੇ ਬਾਹਰ ਲੱਗੇ ਬੋਰਡ ਤੋਂ ਹੁੰਦਾ ਹੈ ਜਿਸ ਉਪਰ ਪ੍ਰਕਾਸ਼ ਸਿੰਘ ਬਾਦਲ ਵਲੋਂ ਉਦਘਾਟਨ ਕੀਤੇ ਹੋਣ ਦਾ ਬੋਰਡ ਲੱਗਾ ਹੋਇਆ ਹੈ, ਜਿਸ ਉਪਰ ਕੋਈ ਮਿਆਦੀ ਤਰੀਕ ਨਾ ਹੋਣ ਕਾਰਨ ਇਹ ਹਮੇਸ਼ਾਂ ਹੀ ਪ੍ਰਕਾਸ਼ ਸਿੰਘ ਬਾਦਲ ਦਾ ਗੁਣਗਾਨ ਕਰਦਾ ਹੀ ਰਹੇਗਾ।