ਪਤਨੀ ਤੇ ਉਸ ਦੇ ਪ੍ਰੇਮੀ ਦੀ ਗੋਲੀਆਂ ਮਾਰ ਕੇ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸ਼ਖ਼ਸ ਨੇ ਅਪਣੀ ਪਤਨੀ ਅਤੇ ਉਸ ਦੇ 'ਪ੍ਰੇਮੀ' ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਤੇ ਆਪ ਹੀ ਪੁਲੀਸ ਨੂੰ ਸਾਰੀ ਜਾਣਕਾਰੀ ਦਿਤੀ।

Murder

 

ਬਠਿੰਡਾ, 28 ਜੁਲਾਈ (ਦੀਪਕ ਸ਼ਰਮਾ) : ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸ਼ਖ਼ਸ ਨੇ ਅਪਣੀ ਪਤਨੀ ਅਤੇ ਉਸ ਦੇ 'ਪ੍ਰੇਮੀ' ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਤੇ ਆਪ ਹੀ ਪੁਲੀਸ ਨੂੰ ਸਾਰੀ ਜਾਣਕਾਰੀ ਦਿਤੀ।
ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਘਟਨਾ ਉਸ ਸਮੇਂ ਵਾਪਰੀ ਜਦ ਉਕਤ ਵਿਅਕਤੀ ਦੀ ਪਤਨੀ ਅਪਣੇ ਪ੍ਰੇਮੀ ਨਾਲ ਘਰ ਵਿਚ ਕਥਿਤ ਤੌਰ 'ਤੇ ਰੰਗ-ਰਲੀਆਂ ਮਨਾ ਰਹੀ ਸੀ ਤੇ ਉਸ ਨੇ ਮੌਕੇ 'ਤੇ ਦੋਹਾਂ ਨੂੰ ਵੇਖ ਕੇ ਅਪਣੀ ਲਾਇਸੰਸੀ ਬੰਦੂਕ ਨਾਲ ਗੋਲੀਆਂ ਚਲਾ ਦਿਤੀਆਂ।
ਜਸਪ੍ਰੀਤ ਕੌਰ (35) ਵਾਸੀ ਪਿੰਡ ਮੇਹਣਾ ਦਾ ਵਿਆਹ ਪਿੰਡ ਮੁਹਾਲਾ ਦੇ ਗੁਰਤੇਜ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੇਟਾ ਵੀ ਪੈਦਾ ਹੋਇਆ ਸੀ। ਜਸਪ੍ਰੀਤ ਕੌਰ ਦਾ ਪਿੰਡ ਮਿੱਠੂਖੇੜਾ ਦੇ ਵਸਨੀਕ ਗੁਰਪ੍ਰੀਤ ਉਰਫ਼ ਗੋਪੀ ਨਾਲ ਕਾਫ਼ੀ ਸਮੇਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਮ੍ਰਿਤਕ ਗੁਰਪ੍ਰੀਤ ਗੋਪੀ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ ਤੇ ਉਸ ਦੇ ਵੀ ਦੋ ਬੱਚੇ ਦੱਸੇ ਜਾ ਰਹੇ ਹਨ।
ਗੁਰਪ੍ਰੀਤ ਅਕਸਰ ਅਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਸ ਦੇ ਘਰ ਆਉਂਦਾ ਰਹਿੰਦਾ ਸੀ ਜਿਸ ਕਾਰਨ ਉਕਤ ਪਤੀ-ਪਤਨੀ ਦਰਮਿਆਨ ਕਾਫ਼ੀ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਗੁਰਤੇਜ ਸਿੰਘ ਦੀ ਗ਼ੈਰ-ਹਾਜ਼ਰੀ ਵਿਚ ਗੁਰਪ੍ਰੀਤ ਅਪਣੀ ਪ੍ਰੇਮਿਕਾ ਦੇ ਘਰ ਪਿੰਡ ਮੁਹਾਲਾ ਵਿਖੇ ਆਇਆ ਸੀ, ਪਰ ਅਚਾਨਕ ਗੁਰਤੇਜ ਸਿੰਘ ਘਰ ਆ ਗਿਆ ਤੇ ਉਸ ਨੇ ਇਹ ਵਾਰਦਾਤ ਕਰ ਦਿਤੀ। ਗੋਲੀ ਲੱਗਣ ਨਾਲ ਪ੍ਰੇਮੀ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਗੁਰਤੇਜ ਸਿੰਘ ਨੇ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿਤੀ।