ਵਰ੍ਹਦੇ ਮੀਂਹ ’ਚ ਵ੍ਹਾਈਟ ਹਾਊਸ ਸਾਹਮਣੇ 18ਵੇਂ ਜਥੇ ਨੇ ਕੀਤਾ ਰੋਸ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਵਰ੍ਹਦੇ ਮੀਂਹ ’ਚ ਵ੍ਹਾਈਟ ਹਾਊਸ ਸਾਹਮਣੇ 18ਵੇਂ ਜਥੇ ਨੇ ਕੀਤਾ ਰੋਸ ਪ੍ਰਦਰਸ਼ਨ

IMAGE

ਤਾਮਿਲ ਪ੍ਰਵਾਰਾਂ ਨੇ ਸ਼ਿਰਕਤ ਕਰ ਕੇ ਕੀਤੀ ਕਿਸਾਨਾਂ ਦੀ ਹਮਾਇਤ 

ਵਾਸਿੰਗਟਨ ਡੀ. ਸੀ., 1 ਅਪ੍ਰੈਲ (ਗਿੱਲ): ਵ੍ਹਾਈਟ ਹਾਊਸ ਸਾਹਮਣੇ ਕਿਸਾਨੀ ਬਿਲਾਂ ਦੇ ਵਿਰੋਧ ਵਿਚ ਲਗਾਤਾਰ ਪ੍ਰਦਰਸ਼ਨ ਜਾਰੀ ਹਨ। ਅੱਜ ਦਾ ਅੰਦੋਲਨ ਅਠਾਰਵੇਂ ਦਿਨ ਵਿਚ ਪਹੁੰਚ ਚੁੱਕਾ ਹੈ। ਅੱਜ ਦੇ ਪ੍ਰਦਰਸ਼ਨ ਵਿਚ ਤਾਮਿਲ ਪ੍ਰਵਾਰਾਂ ਨੇ ਭਾਰੀ ਮੀਂਹ ਵਿਚ ਛਤਰੀਆਂ ਲੈ ਕੇ ਵ੍ਹਾਈਟ ਹਾਊਸ ਸਾਹਮਣੇ ਕਿਸਾਨਾਂ ਦੀ ਹਮਾਇਤ ਵਿਚ ਪ੍ਰਦਰਸ਼ਨ ਕੀਤਾ। ਇਸ ਮੌਕੇ ਤਾਮਿਲਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨੀ ਨੂੰ ਕਿੰਨੇ ਬਿਲੀਅਨ ਵਿਚ ਵੇਚਿਆ ਹੈ? ਮੋਦੀ ਸਾਹਿਬ ਸਾਨੂੰ ਦਸ ਦੇਣ ਅਸੀਂ ਲੋਕਾਂ ਕੋਲੋਂ ਪੈਸੇ ਇਕੱਠੇ ਕਰ ਕੇ ਉਨ੍ਹਾਂ ਨੂੰ ਦੇ ਦੇਵਾਂਗੇ, ਪਰ ਇਹ ਕਾਲੇ ਕਨੂੰਨ ਵਾਪਸ ਕਰ ਲਵੋ।
ਨੌਜਵਾਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲੋਂ ਜਿੰਨਾ ਮਰਜ਼ੀ ਪੈਸਾ ਲੈ ਲਵੋ, ਸਾਡੇ ਬਜ਼ੁਰਗਾਂ ਨੂੰ ਸੜਕਾਂ ’ਤੇ ਨਾ ਰੋਲਿਆ ਜਾਵੇ। ਅਸੀਂ ਪਿੱਠੂ ਬਣ ਕੇ ਵੀ ਸਰਕਾਰ ਨੂੰ ਕਰਜ਼ਾ ਮੁਕਤ ਕਰ ਦੇਵਾਂਗੇ, ਪਰ ਕਿਸਾਨੀ ਨੂੰ ਰੁਲਣ ਨਹੀਂ ਦੇਵਾਂਗੇ। ਬਖ਼ਸ਼ੀਸ਼ ਸਿੰਘ ਕੋ-ਪੈਡ ਚੇਅਰਮੈਨ ਡੈਮੋਕਰੇਟਿਕ ਪਾਰਟੀ ਮੈਰੀਲੈਂਡ ਨੇ ਤਿੰਨ ਦਿਨਾਂ ਲਈ ਜਥਿਆਂ ਦੀ ਖ਼ੂਬ ਸੇਵਾ ਕੀਤੀ। ਕਲ ਦਾ ਜਥਾ ਫਿਰ ਨੌਜਵਾਨਾਂ ਵਲੋਂ ਤਿਆਰ ਕੀਤਾ ਗਿਆ ਹੈ। ਇਹ ਅੰਦੋਲਨ ਹੁਣ ਜਨ-ਅੰਦੋਲਨ ਬਣ ਗਿਆ ਹੈ। ਕਈਆਂ ਨੇ ਅੱਜ ਛਤਰੀਆਂ ਦੀ ਸੇਵਾ ਕਰ ਕੇ ਵਰ੍ਹਦੇ ਮੀਂਹ ਵਿਚ ਕਿਸਾਨ ਅੰਦੋਲਕਾਰੀਆਂ ਨੂੰ ਭਿੱਜਣ ਤੋਂ ਬਚਾਇਆ। ਵ੍ਹਾਈਟ ਹਾਊਸ ਸਾਹਮਣੇ ਅੰਦੋਲਨ ਅਪਣੇ ਪੂਰੇ ਜ਼ੋਬਨ ’ਤੇ ਪਹੁੰਚ ਚੁੱਕਾ ਹੈ।