ਇਮਰਾਨ ਸਰਕਾਰ ਭਾਰਤ ਤੋਂ ਚੀਨੀ-ਕਪਾਹ ਨਹੀਂ ਮੰਗਾਏਗੀ

ਏਜੰਸੀ

ਖ਼ਬਰਾਂ, ਪੰਜਾਬ

ਇਮਰਾਨ ਸਰਕਾਰ ਭਾਰਤ ਤੋਂ ਚੀਨੀ-ਕਪਾਹ ਨਹੀਂ ਮੰਗਾਏਗੀ

image


ਇਸਲਾਮਾਬਾਦ, 1 ਅਪ੍ਰੈਲ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੇ ਘਰੇਲੂ ਵਿਰੋਧ ਅੱਗੇ ਝੁਕਦੇ ਹੋਏ ਭਾਰਤ ਤੋਂ ਕਪਾਹ ਅਤੇ ਚੀਨੀ ਦੀ ਦਰਾਮਦ ਦੇ ਫ਼ੈਸਲੇ ਨੂੰ  ਪਲਟ ਦਿਤਾ ਹੈ | ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਸਰੀਨ ਮਾਜਰੀ ਅਨੁਸਾਰ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਜਦੋਂ ਤਕ ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ  ਦਿਤਾ ਗਿਆ ਵਿਸ਼ੇਸ਼ ਰੁਤਬਾ ਬਹਾਲ ਨਹੀਂ ਹੁੰਦਾ, ਉਦੋਂ ਤਕ ਭਾਰਤ ਨਾਲ ਸਬੰਧ ਆਮ ਨਹੀਂ ਹੋਣਗੇ |    ਪਾਕਿਸਤਾਨੀ ਮੀਡੀਆ ਰੀਪੋਰਟਾਂ ਅਨੁਸਾਰ ਇਮਰਾਨ ਖ਼ਾਨ ਦੀ ਕੈਬਨਿਟ ਨੇ ਭਾਰਤ ਤੋਂ ਕਪਾਹ ਅਤੇ ਚੀਨੀ ਦੀ ਦਰਾਮਦ ਕਰਨ ਬਾਰੇ ਕੈਬਨਿਟ ਦੀ ਆਰਥਕ ਤਾਲਮੇਲ ਕਮੇਟੀ ਦੇ ਫ਼ੈਸਲੇ ਨੂੰ  ਰੱਦ ਕਰ ਦਿਤਾ ਹੈ | ਟੈਕਸਟਾਈਲ ਉਦਯੋਗ ਭਾਰਤ ਤੋਂ ਕਪਾਹ ਲਿਆਉਣ ਦੀ ਮੰਗ ਕਰ ਰਿਹਾ ਹੈ, ਜਦੋਂਕਿ ਕੱਟੜਪੰਥੀ ਕਸ਼ਮੀਰ ਵਿਚ ਕੋਈ ਤਬਦੀਲੀ ਕੀਤੇ ਬਿਨਾਂ ਭਾਰਤ ਅੱਗੇ ਝੁਕਣ ਲਈ ਇਮਰਾਨ ਸਰਕਾਰ ਦੀ 
ਆਲੋਚਨਾ ਕੀਤੀ ਜਾ ਰਹੀ ਸੀ |
ਵੀਰਵਾਰ ਨੂੰ  ਪਾਕਿਸਤਾਨੀ ਕੈਬਨਿਟ ਦੇ ਫ਼ੈਸਲੇ ਵਿਚ ਕਪਾਹ ਦੀ ਦਰਾਮਦ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਇਸ ਤੋਂ ਪਹਿਲਾਂ ਪਾਕਿਸਤਾਨ ਦੀ ਕੈਬਨਿਟ ਦੀ ਆਰਥਕ ਤਾਲਮੇਲ ਕਮੇਟੀ ਨੇ ਬੁਧਵਾਰ ਨੂੰ  ਭਾਰਤ ਨਾਲ ਵਪਾਰ ਮੁੜ ਸੁਰੂ ਕਰਨ ਨੂੰ  ਮਨਜੂਰੀ ਦਿਤੀ | ਕਮੇਟੀ ਨੇ ਕਿਹਾ ਸੀ ਕਿ ਪਾਕਿਸਤਾਨ 30 ਜੂਨ 2021 ਤੋਂ ਭਾਰਤ ਤੋਂ ਕਪਾਹ ਦੀ ਦਰਾਮਦ ਕਰੇਗਾ | ਪਾਕਿਸਤਾਨ ਸਰਕਾਰ ਨੇ ਨਿੱਜੀ ਖੇਤੀ ਨੂੰ  ਭਾਰਤ ਤੋਂ ਖੰਡ ਦੀ ਦਰਾਮਦ ਨੂੰ  ਵੀ ਪ੍ਰਵਾਨਗੀ ਦਿਤੀ ਸੀ | ਪਾਕਿਸਤਾਨ ਨੇ ਸਾਲ 2016 ਵਿਚ ਭਾਰਤ ਤੋਂ ਸੂਤੀ ਅਤੇ ਹੋਰ ਖੇਤੀਬਾੜੀ ਉਤਪਾਦਾਂ ਦੀ ਦਰਾਮਦ ਬੰਦ ਕਰ ਦਿਤੀ ਸੀ | 
ਸੂਤਰਾਂ ਅਨੁਸਾਰ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਖੰਡ ਦੀਆਂ ਵਧ ਰਹੀਆਂ ਕੀਮਤਾਂ ਅਤੇ ਸੰਕਟ ਤੋਂ ਪਾਕਿਸਤਾਨ ਵਿਚ ਟੈਕਸਟਾਈਲ ਉਦਯੋਗ ਨੂੰ  ਬਚਾਉਣ ਲਈ ਭਾਰਤ ਨਾਲ ਵਪਾਰ ਮੁੜ ਸੁਰੂ ਕਰਨ ਨੂੰ  ਪ੍ਰਵਾਨਗੀ ਦੇ ਦਿੱਤੀ ਹੈ | ਦੋਵਾਂ ਦੇਸਾਂ ਵਿਚਾਲੇ ਤਣਾਅਪੂਰਨ ਸੰਬੰਧਾਂ ਵਿਚਾਲੇ, ਭਾਰਤ ਨਾਲ ਸਬੰਧਾਂ ਵਿਚ ਸੁਧਾਰ ਲਿਆਉਣ ਲਈ ਪਾਕਿਸਤਾਨ ਦੀ ਇਹ ਪਹਿਲੀ ਵੱਡੀ ਕੋਸਸਿ ਵਜੋਂ ਵੇਖਿਆ ਗਿਆ |
ਪਾਕਿਸਤਾਨੀ ਟੈਕਸਟਾਈਲ ਉਦਯੋਗ ਕਪਾਹ ਦੀ ਘਾਟ ਕਾਰਨ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ | ਪਾਕਿਸਤਾਨ ਦੇ ਕਪੜਾ ਮੰਤਰਾਲੇ ਨੇ ਭਾਰਤ ਤੋਂ ਕਪਾਹ ਦੀ ਦਰਾਮਦ 'ਤੇ ਲੱਗੀ ਰੋਕ ਹਟਾਉਣ ਦੀ ਸਿਫ਼ਾਰਸ਼ ਕੀਤੀ ਸੀ ਤਾਂ ਜੋ ਕੱਚੇ ਮਾਲ ਦੀ ਘਾਟ ਨੂੰ  ਦੂਰ ਕੀਤਾ ਜਾ ਸਕੇ | ਇਸ ਦਬਾਅ ਹੇਠ ਇਮਰਾਨ ਖਾਨ ਦੀ ਸਰਕਾਰ ਨੇ ਪਹਿਲਾਂ ਨਰਮੇ ਦੀ ਦਰਾਮਦ ਨੂੰ  ਮਨਜੂਰੀ ਦਿਤੀ ਪਰ ਜਦੋਂ ਰਾਜਨੀਤਿਕ ਪਾਰਟੀਆਂ ਨੇ ਉਨ੍ਹਾਂ ਨੂੰ  ਘੇਰਨਾ ਸੁਰੂ ਕੀਤਾ ਤਾਂ ਇਸ ਨੂੰ  ਖਾਰਜ਼ ਕਰ ਦਿਤਾ |