ED ਨੇ ਸਾਬਕਾ SSP ਦੀ 4 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਆਪਣੀ 40 ਸਾਲਾਂ ਤੋਂ ਵੱਧ ਸੇਵਾ ਦੌਰਾਨ, ਗਰੇਵਾਲ ਮੋਗਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਐਸਐਸਪੀ ਅਤੇ ਜਲੰਧਰ ਵਿਖੇ ਵਿਜੀਲੈਂਸ ਬਿਊਰੋ ਦੇ ਐਸਐਸਪੀ ਵਜੋਂ ਤਾਇਨਾਤ ਰਹੇ
ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੀ 4.07 ਕਰੋੜ ਰੁਪਏ ਦੀ ਜਾਇਦਾਦ ਅਸਥਾਈ ਤੌਰ 'ਤੇ ਜ਼ਬਤ ਕਰ ਦਿੱਤੀ ਹੈ। ਇਹ ਸੰਪਤੀਆਂ ਬੈਂਕ ਬੈਲੇਂਸ, ਖੇਤੀਬਾੜੀ ਜ਼ਮੀਨਾਂ, ਰਿਹਾਇਸ਼ੀ ਘਰ ਅਤੇ ਵਾਹਨਾਂ ਦੇ ਰੂਪ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਤਹਿਤ ਕੁਰਕ ਕੀਤੀਆਂ ਗਈਆਂ ਹਨ।
ਆਪਣੀ 40 ਸਾਲਾਂ ਤੋਂ ਵੱਧ ਸੇਵਾ ਦੌਰਾਨ, ਗਰੇਵਾਲ ਮੋਗਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਐਸਐਸਪੀ ਅਤੇ ਜਲੰਧਰ ਵਿਖੇ ਵਿਜੀਲੈਂਸ ਬਿਊਰੋ ਦੇ ਐਸਐਸਪੀ ਵਜੋਂ ਤਾਇਨਾਤ ਰਹੇ। ਸਟੇਟ ਵਿਜੀਲੈਂਸ ਬਿਊਰੋ ਨੇ ਦਸੰਬਰ 2017 ਵਿੱਚ ਪਟਿਆਲਾ ਵਿੱਚ ਉਸ ਦੇ ਖਿਲਾਫ਼ 2005 ਤੋਂ 2014 ਦਰਮਿਆਨ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ।
ਇੱਕ ਪਰਵਾਸੀ ਭਾਰਤੀ ਦੀ ਸ਼ਿਕਾਇਤ 'ਤੇ ਦਰਜ ਐਫਆਈਆਰ ਅਨੁਸਾਰ, ਗਰੇਵਾਲ ਦੀ ਜਾਣੇ-ਪਛਾਣੇ ਸਰੋਤਾਂ ਤੋਂ ਆਮਦਨ 2.12 ਕਰੋੜ ਰੁਪਏ ਸੀ ਪਰ ਉਸ ਨੇ 12 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਇਕੱਠੀ ਕੀਤੀ ਸੀ। ਸ਼ਿਕਾਇਤ ਅਨੁਸਾਰ ਗਰੇਵਾਲ ਨੇ ਕਾਲੇ ਧਨ ਨਾਲ ਬੇਨਾਮੀ ਜ਼ਮੀਨ ਅਤੇ ਹੋਰ ਜਾਇਦਾਦਾਂ ਅਤੇ ਗਹਿਣੇ ਖਰੀਦੇ ਸਨ। ਸੁਪਰੀਮ ਕੋਰਟ ਨੇ ਅਪ੍ਰੈਲ 2018 ਵਿਚ ਉਸ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਨੂੰ ਪਟਿਆਲਾ ਹੇਠਲੀ ਅਦਾਲਤ ਵਿਚ ਸਮਰਪਣ ਕਰਨ ਲਈ ਕਿਹਾ ਸੀ।