ਸਿੱਧੂ ਧੜਾ ਲਗਾਤਾਰ ਸਰਗਰਮ, ਪਟਿਆਲਾ ਵਿਚ ਸੱਦੀ ਮੀਟਿੰਗ ਵਿਚ ਕਈ ਵੱਡੇ ਕਾਂਗਰਸੀ ਆਗੂਆਂ ਨੇ ਕੀਤੀ ਸ਼ਮੂਲੀਅਤ  

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੀ ਮੀਟਿੰਗ 'ਚ ਪੁੱਜੇ ਡਾ.ਧਰਮਵੀਰ ਗਾਂਧੀ

Navjot sidhu meeting in patiala with congress leaders

 

ਪਟਿਆਲਾ - ਪੰਜਾਬ ਵਿਚ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਹੋਣੀ ਅਜੇ ਬਾਕੀ ਹੈ ਕਿ ਸਿੱਧੂ ਧੜੇ ਦੀਆਂ ਮੀਟਿੰਗਾਂ ਲਗਾਤਾਰ ਹੋ ਰਹੀਆਂ ਹਨ। ਅੱਜ ਨਵਜੋਤ ਸਿੱਧੂ ਨੇ ਮਾਲਵੇ ਦੇ ਕਾਂਗਰਸੀ ਆਗੂਆਂ ਨੂੰ ਪਟਿਆਲਾ ਵਿਖੇ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ। ਇਹ ਮੀਟਿੰਗ ਉਨ੍ਹਾਂ ਦੇ ਘਰ ਹੀ ਹੋ ਰਹੀ ਹੈ। ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਦੀ ਇਹ ਤੀਜੀ ਮੁਲਾਕਾਤ ਹੈ। ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ। ਇਸ ਤੋਂ ਪਹਿਲਾਂ ਉਹ ਕਪੂਰਥਲਾ ਅਤੇ ਲੁਧਿਆਣਾ ਵਿਚ ਕਾਂਗਰਸੀ ਆਗੂਆਂ ਨੂੰ ਮਿਲ ਚੁੱਕੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਨੇੜਲੇ ਆਗੂ ਵੀ ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਮਿਲਣ ਲਈ ਗਏ ਸਨ। ਇਹ ਵੀ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਕਾਂਗਰਸ ਨੇ ਨਵੇਂ ਪ੍ਰਧਾਨ ਲਈ ਜੋ ਨਾਮ ਭੇਜੇ ਹਨ ਉਸ ਵਿਚ ਨਵਜੋਤ ਸਿੱਧੂ ਦਾ ਨਾਮ ਨਹੀਂ ਹੈ। ਪਟਿਆਲਾ ਵਿਚ ਹੋ ਰਹੀ ਇਸ ਮੀਟਿੰਗ ਵਿਚ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਚੋਣ ਹਾਰਨ ਵਾਲੇ ਸੁਖਬਿੰਦਰ ਡੈਨੀ, ਹਰਦਿਆਲ ਕੰਬੋਜ ਅਤੇ ਦਵਿੰਦਰ ਘੁਬਾਇਆ ਤੋਂ ਇਲਾਵਾ ਅਸ਼ਵਨੀ ਸੇਖੜੀ, ਮਹਿੰਦਰ ਕੇਪੀ ਤੇ ਹੋਰ ਵੀ ਕਈ ਦਿੱਗਜ ਆਗੂ ਸ਼ਾਮਲ ਹਨ। ਸਿੱਧੂ ਗਰੁੱਪ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਲਈ ਲਾਬਿੰਗ ਕਰ ਰਿਹਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਮੀਟਿੰਗ ਵਿਚ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਪਹੁੰਚੇ ਤੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਗਾਂਧੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦੀ ਚੋਣ ਹਾਰ ਤੋਂ ਬਾਅਦ ਦੋ ਹਫ਼ਤਿਆਂ ਵਿਚ ਇਹ ਤੀਜੀ ਮੀਟਿੰਗ ਹੈ। ਉਨ੍ਹਾਂ ਮੀਟਿੰਗ ਦੀ ਸ਼ੁਰੂਆਤ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤੋਂ ਕੀਤੀ ਸੀ। ਜਿੱਥੇ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਤੋਂ ਹਾਰੇ ਆਗੂ ਨਵਤੇਜ ਚੀਮਾ ਦੇ ਘਰ ਇਹ ਮੀਟਿੰਗ ਕੀਤੀ ਗਈ ਸੀ।