ਖਨੌਰੀ ਬਾਰਡਰ ’ਤੇ ਜ਼ਖ਼ਮੀ ਹੋਏ ਕਿਸਾਨ ਦੇ ਮਾਮਲੇ ’ਚ ਪੰਜਾਬ ਪੁਲਿਸ ਨੇ ਜ਼ੀਰੋ ਐਫ.ਆਈ.ਆਰ. ਦਰਜ ਕੀਤੀ 

ਏਜੰਸੀ

ਖ਼ਬਰਾਂ, ਪੰਜਾਬ

ਘਟਨਾ ਵਾਲੀ ਥਾਂ ਦੀ ਪਛਾਣ ਲਈ ਪ੍ਰਿਤਪਾਲ ਸਿੰਘ ਨੂੰ ਮੁੜ ਲਿਆਂਦਾ ਜਾਵੇਗਾ ਖਨੌਰੀ ਬਾਰਡਰ

High Cour

ਚੰਡੀਗੜ੍ਹ: ਪੰਜਾਬ ਪੁਲਿਸ ਨੇ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਿਸ ਵਲੋਂ ਨੌਜੁਆਨ ਕਿਸਾਨ ਪ੍ਰਿਤਪਾਲ ਸਿੰਘ ਦੀ ਗੈਰ-ਕਾਨੂੰਨੀ ਗ੍ਰਿਫਤਾਰੀ ਦੇ ਸਬੰਧ ’ਚ ਜ਼ੀਰੋ ਐਫ.ਆਈ.ਆਰ. ਦਰਜ ਕਰ ਲਈ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ’ਚ ਜਵਾਬ ਦੇਣ ਲਈ ਅਦਾਲਤ ਤੋਂ ਸਮਾਂ ਮੰਗਿਆ ਸੀ। ਪੰਜਾਬ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਪੁਲਿਸ ਨੇ ਅਜੇ ਤਕ ਘਟਨਾ ਵਾਲੀ ਥਾਂ ਦੀ ਪਛਾਣ ਨਹੀਂ ਕੀਤੀ ਹੈ ਕਿ ਇਹ ਹਰਿਆਣਾ ਹੈ ਜਾਂ ਪੰਜਾਬ। ਪੰਜਾਬ ਸਰਕਾਰ ਵਲੋਂ ਅਦਾਲਤ ਨੂੰ ਦਸਿਆ ਗਿਆ ਕਿ ਇਸ ਲਈ ਉਸ ਨੂੰ ਪ੍ਰਿਤਪਾਲ ਸਿੰਘ ਦੀ ਲੋੜ ਪਵੇਗੀ, ਉਹੀ ਜਗ੍ਹਾ ਵਿਖਾਏਗਾ। ਪਰ ਫਿਲਹਾਲ ਪ੍ਰਿਤਪਾਲ ਸਿੰਘ ਉਸ ਜਗ੍ਹਾ ਜਾਣ ਦੀ ਸਥਿਤੀ ’ਚ ਨਹੀਂ ਹੈ। 

ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਐਂਬੂਲੈਂਸ ਮੁਹੱਈਆ ਕਰਵਾਉਂਦੀ ਹੈ ਤਾਂ ਉਹ ਪ੍ਰਿਤਪਾਲ ਸਿੰਘ ਨੂੰ ਘਟਨਾ ਵਾਲੀ ਥਾਂ ’ਤੇ ਲਿਆ ਸਕਦੇ ਹਨ। ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦੇ ਹੋਏ ਪਟੀਸ਼ਨਕਰਤਾ ਪੱਖ ਨੂੰ ਇਹ ਦੱਸਣ ਦਾ ਹੁਕਮ ਦਿਤਾ ਹੈ ਕਿ ਉਹ ਕਿਸ ਦਿਨ ਮੌਕੇ ’ਤੇ ਜਾ ਸਕਦੇ ਹਨ। 

ਇਸ ਤੋਂ ਪਹਿਲਾਂ ਸੀ.ਜੇ.ਐਮ. ਨੂੰ ਦਿਤੇ ਗਏ ਅਪਣੇ ਬਿਆਨ ’ਚ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਪਹਿਲਾਂ ਪੰਜਾਬ ’ਚ ਹਰਿਆਣਾ ਪੁਲਿਸ ਨੇ ਕੁੱਟਿਆ, ਫਿਰ ਜ਼ਬਰਦਸਤੀ ਹਰਿਆਣਾ ਲਿਜਾਇਆ ਗਿਆ ਅਤੇ ਉੱਥੇ ਵੀ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਹਰਿਆਣਾ ਸਰਕਾਰ ਵਲੋਂ ਦਸਿਆ ਗਿਆ ਕਿ ਉਸ ਦਿਨ ਉੱਥੇ ਹਰਿਆਣਾ ਪੁਲਿਸ ਦੇ 15 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ ਅਤੇ ਅੱਠ ਪੁਲਿਸ ਮੁਲਾਜ਼ਮਾਂ ਨੇ ਪ੍ਰਿਤਪਾਲ ਦੇ ਵਿਰੁਧ ਬਿਆਨ ਦਿਤੇ ਸਨ। 
ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ’ਚ ਸ਼ਮੂਲੀਅਤ ਬਾਰੇ ਵੀ ਪ੍ਰਿਤਪਾਲ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪ੍ਰਿਤਪਾਲ ਦੇ ਪਿਤਾ ਦੇ ਵਕੀਲ ਨੇ ਹਾਈ ਕੋਰਟ ਨੂੰ ਦਸਿਆ ਕਿ ਉਨ੍ਹਾਂ ਵਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਵੀ ਸ਼ਿਕਾਇਤ ਕੀਤੀ ਗਈ ਸੀ, ਜਿਸ ’ਤੇ ਪੰਜਾਬ ਸਰਕਾਰ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ। 

ਪ੍ਰਿਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਵਾਸੀ ਸੰਗਰੂਰ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਨ੍ਹਾਂ ਦਾ ਬੇਟਾ ਕਿਸਾਨਾਂ ਨਾਲ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ’ਚ ਹਿੱਸਾ ਲੈ ਰਿਹਾ ਹੈ। ਉਹ 21 ਫ਼ਰਵਰੀ ਨੂੰ ਦੁਪਹਿਰ 2 ਵਜੇ ਖਨੌਰੀ ਬਾਰਡਰ ਤੋਂ ਹਰਿਆਣਾ ਪੁਲਿਸ ਦੇ ਪੰਜਾਬ ਦੇ ਖੇਤਰ ’ਚ ਦਾਖਲ ਹੋਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ। ਜ਼ਖਮੀ ਹੋਣ ਤੋਂ ਬਾਅਦ, ਉਸ ਨੂੰ ਪੁਲਿਸ ਨੇ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ’ਚ ਲੈ ਲਿਆ ਸੀ ਅਤੇ ਇਸ ਸਮੇਂ ਉਹ ਰੋਹਤਕ ਦੇ ਪੀ.ਜੀ.ਆਈ. ’ਚ ਹੈ। 

ਪਟੀਸ਼ਨਕਰਤਾ ਦੇ ਬੇਟੇ ਨੂੰ ਗ੍ਰਿਫਤਾਰ ਹੋਏ 48 ਘੰਟੇ ਹੋ ਗਏ ਹਨ ਪਰ ਉਸ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਕਿਸੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ। ਪਟੀਸ਼ਨਕਰਤਾ ਨੇ ਅਪਣੇ ਬੇਟੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਜਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਤਬਦੀਲ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਪਹਿਲੀ ਸੁਣਵਾਈ ’ਤੇ ਹਰਿਆਣਾ ਸਰਕਾਰ ਨੇ ਜਵਾਬ ਦਾਇਰ ਕਰਦਿਆਂ ਕਿਹਾ ਸੀ ਕਿ ਹਰਿਆਣਾ ਸਰਹੱਦ ’ਤੇ ਪੰਜਾਬ ਦੀ ਸਰਹੱਦ ਤੋਂ 599 ਮੀਟਰ ਪਹਿਲਾਂ ਬੈਰੀਕੇਡਿੰਗ ਕੀਤੀ ਗਈ ਸੀ।

ਅਜਿਹੇ ’ਚ ਪ੍ਰਦਰਸ਼ਨਕਾਰੀ ਹਰਿਆਣਾ ਦੇ ਅਧਿਕਾਰ ਖੇਤਰ ’ਚ ਮੌਜੂਦ ਸਨ। 21 ਫ਼ਰਵਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਹਮਲਾ ਕੀਤਾ ਸੀ ਅਤੇ ਝੜਪ ’ਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਉਸ ਸਮੇਂ ਦੌਰਾਨ ਪੁਲਿਸ ਫੋਰਸ ਨੇ ਪ੍ਰਿਤਪਾਲ ਨੂੰ ਖੇਤਾਂ ’ਚ ਜ਼ਖਮੀ ਪਾਇਆ ਅਤੇ ਉਸਨੂੰ ਇਲਾਜ ਲਈ ਨਰਵਾਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਬਾਅਦ ਵਿਚ ਉਸ ਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿਤਾ ਗਿਆ। ਬਾਅਦ ਵਿਚ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ। ਸਰਕਾਰ ਨੇ ਕਿਹਾ ਸੀ ਕਿ ਪ੍ਰਿਤਪਾਲ ਵਿਰੁਧ ਨਾ ਤਾਂ ਕੋਈ ਐਫ.ਆਈ.ਆਰ. ਹੈ ਅਤੇ ਨਾ ਹੀ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦਿਤੇ ਹਨ।