1000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਅਤੇ ਉਸਦਾ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1,500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ,ਪਰ ਸੌਦਾ 1,000 ਰੁਪਏ ਵਿੱਚ ਤੈਅ

Patwari and his assistant arrested by Vigilance Bureau on charges of taking bribe of Rs. 1000

ਚੰਡੀਗੜ੍ਹ: ਭ੍ਰਿਸ਼ਟਾਚਾਰ ਵਿਰੁੱਧ ਆਪਣੀ ‘ਨਾ-ਕਾਬਿਲ-ਏ-ਬਰਦਾਸ਼ਤ’ ਪਹੁੰਚ  ਨੂੰ ਜਾਰੀ ਰੱਖਦੇ ਹੋਏ, ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਮਾਲ ਪਟਵਾਰੀ ਅਤੇ ਉਸਦੇ ਸਹਾਇਕ ਨੂੰ 1,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਵੜਿੰਗਖੇੜਾ ਦੇ ਪਟਵਾਰੀ ਕੁਲਵਿੰਦਰ ਸਿੰਘ ਅਤੇ ਉਸਦੇ ਸਹਾਇਕ ਅਸ਼ੋਕ ਕੁਮਾਰ ਵਜੋਂ ਹੋਈ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਵਿਰੁੱਧ, ਪਿੰਡ ਵੜਿੰਗਖੇੜਾ ਦੇ ਇੱਕ ਵਸਨੀਕ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ।

ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਕਤ ਪਟਵਾਰੀ ਨੇ ਉਸਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਆਪਣੇ ਉਕਤ ਸਾਥੀ (ਅਸ਼ੋਕ) ਰਾਹੀਂ 1,500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ,ਪਰ ਸੌਦਾ  1,000 ਰੁਪਏ ਵਿੱਚ ਤੈਅ ਹੋ ਗਿਆ।

ਬੁਲਾਰੇ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਪਟਵਾਰੀ ਵੱਲੋਂ 5 ਫਰਵਰੀ, 2025 ਨੂੰ ਜਦੋਂ ਜ਼ਮੀਨ ਦੀ ਹੱਦਬੰਦੀ ਰਿਪੋਰਟ ਤਿਆਰ ਕੀਤੀ ਗਈ ਸੀ ਤਾਂ  ਇਸ ਸਬੰਧ ਵਿੱਚ, 2024-25 ਦੇ ਸਰਕਾਰੀ ਰਜਿਸਟਰ ਜਾਂ ਰੋਜ਼ਾਨਾ ਡਾਇਰੀ ਵਿੱਚ ਕੋਈ ਐਂਟਰੀ ਨਹੀਂ ਕੀਤੀ ਗਈ ਸੀ। ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੇਣ ਦੀ ਵੀਡੀਓ ਰਿਕਾਰਡ ਕਰ ਲਈ ਗਈ ਸੀ, ਜਿਸ ਵਿੱਚ ਅਸ਼ੋਕ ਕੁਮਾਰ  ਪੈਸੇ ਸਵੀਕਾਰ ਕਰਦੇ ਹੋਏ ਸਾਫ਼ ਦਿਖਾਈ ਦੇ ਰਿਹਾ ਸੀ।

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਵਿਜੀਲੈਂਸ ਬਿਊਰੋ ਰੇਂਜ ਪੁਲਿਸ ਥਾਣਾ, ਬਠਿੰਡਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।