Kuldeep Singh Gargaj: ਮਾਂ ਬੋਲੀ ਪੰਜਾਬੀ ਦੀ ਰਖਿਆ ਸਮੇਂ ਦੀ ਲੋੜ : ਜਥੇਦਾਰ ਗੜਗੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Kuldeep Singh Gargaj: ਕਿਹਾ, ਸਰਕਾਰ ਸੂਬੇ ਦੇ ਹਰ ਸਕੂਲ ’ਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਵੇ, ਭਾਵੇਂ ਉਹ ਕਿਸੇ ਵੀ ਬੋਰਡ ਨਾਲ ਸਬੰਧਤ ਹੋਣ

Giani Kuldeep Singh Gargaj

ਅੰਮ੍ਰਿਤਸਰ  (ਚਰਨਜੀਤ ਸਿੰਘ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਾਂ ਬੋਲੀ ਦਾ ਇਕ ਵਿਅਕਤੀ ਦੇ ਜੀਵਨ ਵਿਚ ਉਹੀ ਮਹੱਤਵ ਹੈ, ਜਿਵੇਂ ਜਨਮ ਦੇਣ ਵਾਲੀ ਮਾਂ ਤੇ ਧਰਤੀ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਜਾਗਦੀਆਂ ਕੌਮਾਂ ਦੀ ਜਿੰਦ ਜਾਨ ਹੁੰਦੀ ਹੈ, ਇਸ ਲਈ ਪੰਜਾਬੀ ਭਾਸ਼ਾ ਦੀ ਸੰਭਾਲ ਤੇ ਇਸ ਨੂੰ ਪ੍ਰਫੁੱਲਤ ਕਰਨਾ ਸਾਡਾ ਫ਼ਰਜ਼ ਹੈ।

ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਮੌਕੇ ਸੰਬੋਧਨ ਦੌਰਾਨ ਪੰਜਾਬੀ ਭਾਸ਼ਾ ਨੂੰ ਜਿਹੜੀਆਂ ਚੁਨੌਤੀਆਂ ਦੀ ਗੱਲ ਉਨ੍ਹਾਂ ਨੇ ਕੀਤੀ ਸੀ ਅੱਜ ਉਹ ਸਹੀ ਸਾਬਤ ਹੋ ਰਿਹਾ ਹੈ। ਪੰਜਾਬ ਅੰਦਰ ਸਕੂਲਾਂ ਦੇ ਨਵੇਂ ਦਾਖ਼ਲੇ ਸ਼ੁਰੂ ਹੋ ਗਏ ਹਨ ਅਤੇ ਸੀਬੀਐਸਈ ਨਾਲ ਸਬੰਧਤ ਕਈ ਸਕੂਲਾਂ ਵਿਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਸਕੂਲ ਪ੍ਰਬੰਧਕਾਂ ਵਲੋਂ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਨੂੰ ਲਾਜ਼ਮੀ ਤੇ ਪੰਜਾਬੀ ਨੂੰ ਵਿਕਲਪ ਦੇ ਰੂਪ ਵਿਚ ਰਖਿਆ ਗਿਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ।

ਇਹ ਸਥਿਤੀ ਪੰਜਾਬੀ ਭਾਸ਼ਾ ਪ੍ਰਤੀ ਵਧ ਰਹੇ ਅਣਗਹਿਲੇ ਰਵਈਏ ਨੂੰ ਦਰਸਾਉਂਦੀ ਹੈ, ਜਦਕਿ ਸਰਕਾਰ ਵਲੋਂ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਦਾਅਵੇ ਕੱੁਝ ਹੋਰ ਹੀ ਕਹਿੰਦੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਪੰਜਾਬ ਦੇ ਹਰ ਸਕੂਲ ਵਿਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਭਾਸ਼ਾ ਪੜ੍ਹਾਈ ਜਾਵੇ। ਬਹੁਤੇ ਸਕੂਲ ਪਹਿਲੀ ਜਮਾਤ ਤੋਂ ਪੰਜਾਬੀ ਪੜ੍ਹਾਉਂਦੇ ਹਨ, ਜੋ ਕਿ ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਰੱਖਣ ਦੇ ਬਰਾਬਰ ਹੈ। ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੂਬੇ ਦੇ ਹਰ ਸਕੂਲ ਵਿਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਹੋਵੇ, ਭਾਵੇਂ ਸਕੂਲ ਕਿਸੇ ਵੀ ਬੋਰਡ ਨਾਲ ਸਬੰਧਤ ਹੋਣ।

ਜਥੇਦਾਰ ਗੜਗੱਜ ਨੇ ਕਿਹਾ ਕਿ ਸਿਰਫ਼ ਸਰਕਾਰ ਹੀ ਨਹੀਂ, ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਅਪਣੇ ਬੱਚਿਆਂ ਨੂੰ ਮੁਢ ਤੋਂ ਹੀ ਪੰਜਾਬੀ ਪੜ੍ਹਨ ਲਈ ਉਤਸ਼ਾਹਤ ਕਰਨ। ਬਹੁਤ ਸਾਰੇ ਮਾਪੇ ਇਹ ਸਮਝਦੇ ਹਨ ਕਿ ਅੰਗਰੇਜ਼ੀ ਦੀ ਮੁਢਲੀ ਸਿਖਿਆ ਨਾਲ ਬੱਚਾ ਇਸ ਭਾਸ਼ਾ ਵਿਚ ਹੋਣਹਾਰ ਬਣੇਗਾ, ਪਰ ਵਿਗਿਆਨਕ ਪੱਖੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਜਦ ਤਕ ਬੱਚੇ ਨੂੰ ਅਪਣੀ ਮਾਂ ਬੋਲੀ ਵਿਚ ਪੂਰੀ ਪਕੜ ਨਹੀਂ ਹੁੰਦੀ, ਉਹ ਕਿਸੇ ਹੋਰ ਭਾਸ਼ਾ ਵਿਚ ਵੀ ਨਿਪੁੰਨ ਨਹੀਂ ਹੋ ਸਕਦਾ।