100 ਫ਼ੀ ਸਦੀ ਕਮਾਈ ਜ਼ਰੂਰਤਮੰਦਾਂ ਲਈ ਰਾਖਵੀਂ ਕਰਨੀ ਇਤਿਹਾਸਕ ਕਾਰਜ : ਭੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਉੱਚਾ ਦਰ' ਦੀ ਮੈਂਬਰਸ਼ਿਪ ਲਈ ਰਿਆਇਤੀ  ਦਰਾਂ ਦਾ ਲਾਭ ਜ਼ਰੂਰ ਉਠਾਉ: ਮਿਸ਼ਨਰੀ

Bhatti: Reservation for 100% earnings for the needy

ਕੋਟਕਪੂਰਾ, 1 ਮਈ (ਗੁਰਿੰਦਰ ਸਿੰਘ): ਗ਼ਰੀਬ, ਬੇਵੱਸ, ਲਾਚਾਰ ਅਤੇ ਜ਼ਰੂਰਤਮੰਦ ਪਰਵਾਰਾਂ ਲਈ 100 ਫ਼ੀ ਸਦੀ ਕਮਾਈ ਰਾਖਵੀਂ ਕਰਨ ਵਾਲਾ ਦੁਨੀਆਂ ਦੇ ਇਤਿਹਾਸ 'ਚ 'ਉੱਚਾ ਦਰ ਬਾਬੇ ਨਾਨਕ ਦਾ' ਪਹਿਲਾ ਅਜਿਹਾ ਪ੍ਰਾਜੈਕਟ ਸਾਬਿਤ ਹੋਵੇਗਾ ਜੋ ਜਿਥੇ ਸਮੁੱਚੀ ਲੋਕਾਈ ਲਈ ਪ੍ਰੇਰਨਾ ਸਰੋਤ ਬਣੇਗਾ, ਉਥੇ ਬਾਬੇ ਨਾਨਕ ਦੇ ਅਸਲ ਫ਼ਲਸਫ਼ੇ ਨਾਲ ਦੁਨੀਆਂ 'ਚੋਂ ਅੰਧਵਿਸ਼ਵਾਸ, ਵਹਿਮ-ਭਰਮ ਅਤੇ ਕਰਮਕਾਂਡ ਦਾ ਹਨੇਰਾ ਖ਼ਤਮ ਕਰਨ 'ਚ ਸਹਾਈ ਵੀ ਹੋਵੇਗਾ। ਸਥਾਨਕ ਮਿਉਂਸਪਲ ਪਾਰਕ ਵਿਖੇ 'ਉੱਚਾ ਦਰ..' ਦੇ ਲਾਈਫ਼ ਮੈਂਬਰ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਸਮਾਜਸੇਵੀ ਜਸਵੰਤ ਸਿੰਘ ਚੀਫ਼ ਮੈਨੇਜਰ ਨੂੰ 'ਉੱਚਾ ਦਰ..' ਦੀ ਉਸਾਰੀ ਲਈ 10 ਹਜਾਰ ਰੁਪਏ ਦਾ ਚੈੱਕ ਸੌਂਪਦਿਆਂ ਸੁਪਰਡੈਂਟ ਜਸਕਰਨ ਸਿੰਘ ਭੱਟੀ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ। 

ਉਨ੍ਹਾਂ ਦਸਿਆ ਕਿ ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ ਦੀ ਅਗਵਾਈ ਵਾਲੇ ਸਮੁੱਚੇ ਸਟਾਫ਼ ਨੇ ਜਿਸ ਤਰ੍ਹਾਂ ਮਾਸਿਕ ਸਪੋਕਸਮੈਨ ਅਤੇ ਰੋਜ਼ਾਨਾ ਸਪੋਕਸਮੈਨ ਰਾਹੀਂ ਬੜੀ ਦਲੇਰੀ ਨਾਲ ਕੌੜਾ ਸੱਚ ਬਿਆਨਣ ਦੀ ਜੁਰਅੱਤ ਵਿਖਾਈ ਹੈ, ਉਸੇ ਤਰਾਂ ਬਾਬੇ ਨਾਨਕ ਦੇ ਫ਼ਲਸਫ਼ੇ ਦਾ ਅਸਲ ਸੱਚ ਸਮੁੱਚੀ ਲੋਕਾਈ ਸਾਹਮਣੇ ਰੱਖਣ ਦੀ ਦਲੇਰੀ ਵਿਖਾਈ ਜਾ ਰਹੀ ਹੈ। 'ਏਕਸ ਕੇ ਬਾਰਕ' ਦੇ ਕਨਵੀਨਰ ਬਲਵਿੰਦਰ ਸਿੰਘ ਮਿਸ਼ਨਰੀ ਨੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਵਸਦੇ ਸੂਝਵਾਨ ਵੀਰ/ਭੈਣਾਂ ਨੂੰ ਬੇਨਤੀ ਕੀਤੀ ਕਿ ਉਹ 15 ਮਈ ਤੋਂ ਪਹਿਲਾਂ-ਪਹਿਲਾਂ ਲਾਈਫ਼, ਸਰਪ੍ਰਸਤ, ਮੁੱਖ ਸਰਪ੍ਰਸਤ, ਗਵਰਨਿੰਗ ਕੌਂਸਲ ਆਦਿ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਰਿਆਇਤੀ ਦਰਾਂ ਦਾ ਲਾਭ ਜ਼ਰੂਰ ਉਠਾਉਣ।