ਤੇਜ਼ ਮੀਂਹ ਕਾਰਨ ਕਣਕ ਦੀਆਂ 10 ਲੱਖ ਬੋਰੀਆਂ ਭਿੱਜੀਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਮੇਂ ਮੰਡੀਆਂ 'ਚ ਕਣਕ ਦੀ ਆਮਦ ਤਾਂ ਨਾਂ-ਮਾਤਰ ਰਹਿ ਗਈ ਹੈ, ਜਦਕਿ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। 

wet wheat

ਜਗਰਾਉਂ, 2 ਮਈ (ਪਰਮਜੀਤ ਸਿੰਘ ਗਰੇਵਾਲ) : ਏਸ਼ੀਆ ਦੀ ਦੂਸਰੀ ਸਭ ਤੋਂ ਵੱਡੀ ਅਨਾਜ ਮੰਡੀ ਸਮੇਤ ਵੱਖ-ਵੱਖ ਮੰਡੀਆਂ 'ਚ ਕਣਕ ਦੀ ਚੁਕਾਈ ਲਈ ਲਗਭਗ 10 ਲੱਖ ਤੋਂ ਵੱਧ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹੋਣ 'ਤੇ ਅੱਜ ਪਏ ਤੇਜ਼ ਮੀਂਹ ਕਾਰਨ ਭਿੱਜ ਗਈਆਂ, ਜਿਸ ਕਾਰਨ ਕਣਕ ਦਾ ਕਾਫੀ ਨੁਕਸਾਨ ਹੋ ਗਿਆ। 
ਏਸ਼ੀਆ ਦੀ ਦੂਸਰੀ ਸਭ ਤੋਂ ਵੱਡੀ ਅਨਾਜ ਮੰਡੀ 'ਚ ਫੜ੍ਹਾਂ ਦਾ ਪ੍ਰਬੰਧ ਠੀਕ ਨਾ ਹੋਣ ਕਾਰਨ ਥਾਂ-ਥਾਂ ਪਾਣੀ ਖੜਾ ਹੈ ਤੇ ਮੰਡੀ ਪੂਰੀ ਤਰ੍ਹਾਂ ਛੱਪੜ ਦਾ ਰੂਪ ਧਾਰ ਚੁੱਕੀ ਹੈ, ਜਿਸ ਕਾਰਨ ਕਣਕ ਦੀਆਂ ਬੋਰੀਆਂ ਪੂਰੀ ਤਰ੍ਹਾਂ ਭਿੱਜ ਚੁੱਕੀਆਂ ਹਨ। ਇਸ ਸਮੇਂ ਮੰਡੀਆਂ 'ਚ ਕਣਕ ਦੀ ਆਮਦ ਤਾਂ ਨਾਂ-ਮਾਤਰ ਰਹਿ ਗਈ ਹੈ, ਜਦਕਿ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਪਿੱਛਲੇ ਕਈ ਦਿਨਾਂ ਤੋਂ ਲੱਖਾਂ ਬੋਰੀਆਂ ਕਣਕ ਦੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ। ਕਿਸਾਨ ਕਣਕ ਵੇਚ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਮਜ਼ਦੂਰਾਂ ਲਈ ਇਸ ਕਣਕ ਦੀ ਰਾਖੀ ਨੇ ਨਵੀਂ ਸਿਰਦਰਦੀ ਪੈਦਾ ਕੀਤੀ ਹੋਈ ਹੈ।

ਮਜ਼ਦੂਰਾਂ ਵੱਲੋਂ ਮੰਡੀਆਂ 'ਚ ਪਈਆਂ ਬੋਰੀਆਂ ਦੀ ਮੁਫ਼ਤ ਵਿਚ ਰਾਖੀ ਕਰਵਾਈ ਜਾ ਰਹੀ ਹੈ, ਜਦਕਿ ਇਸ ਦੀ ਤੁਲਾਈ ਤੋਂ ਬਾਅਦ 72 ਘੰਟਿਆਂ ਦੇ ਅੰਦਰ-ਅੰਦਰ ਬੋਰੀਆਂ ਚੁੱਕਣ ਦੀ ਵਿਵਸਥਾ ਹੈ। ਪਰ ਦਾਣਾ ਮੰਡੀਆਂ 'ਚ 15-15 ਦਿਨਾਂ ਤੋਂ ਬੋਰੀਆਂ ਵਿਚ ਭਰਿਆ ਮਾਲ ਧੁੱਪੇ ਸੁੱਕ ਰਿਹਾ ਹੈ। ਧੁੱਪ ਦਾ ਸੇਕ ਪੈਣ ਕਾਰਨ ਘਟੇ ਮਾਲ ਦੀ ਭਰਪਾਈ ਜਬਰੀ ਮਜ਼ਦੂਰਾਂ ਤੋਂ ਕੀਤੀ ਜਾ ਰਹੀ ਹੈ, ਜਦਕਿ ਇਸ ਦੀ ਜਿੰਮੇਵਾਰੀ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਦੀ ਹੁੰਦੀ ਹੈ। ਬੀਤੇ ਕਈ ਦਿਨਾਂ ਤੋਂ ਇਨ੍ਹਾਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਮਜ਼ਦੂਰਾਂ ਨੇ ਏਸ਼ੀਆ ਦੀ ਦੂਸਰੀ ਸਭ ਤੋਂ ਵੱਡੀ ਅਨਾਜ ਮੰਡੀ ਸਮੇਤ ਵੱਖ-ਵੱਖ ਮੰਡੀਆਂ 'ਚ ਧਰਨੇ ਲਗਾਏ ਤੇ ਸਰਕਾਰ ਤੋਂ ਮੰਗ ਕੀਤੀ ਕਿ ਲਿਫਟਿੰਗ ਦਾ ਪ੍ਰਬੰਧ ਜਲਦ ਤੋਂ ਜਲਦ ਕੀਤਾ ਜਾਵੇ। ਪਰ ਅੱਜ ਪਏ ਮੀਂਹ ਕਾਰਨ ਜਿੱਥੇ ਕਣਕ ਨੂੰ ਕਾਫੀ ਨੁਕਸਾਨ ਹੋ ਗਿਆ, ਉਥੇ ਕਣਕ ਦੀ ਚੁਕਾਈ ਨੂੰ ਹੋਰ ਦੇਰ ਨਾਲ ਹੋਵੇਗੀ।