ਸਿਹਤ ਮੰਤਰੀ ਵਲੋਂ ਖਸਰਾ ਤੇ ਰੁਬੈਲਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਪੰਜਾਬ ਵਿਚ 5200 ਟੀਮਾਂ ਕਰਨਗੀਆਂ 73 ਲੱਖ ਬੱਚਿਆਂ ਦਾ ਟੀਕਾਕਰਨ 

Measels and Rubella vaccination campaign

ਫ਼ਰੀਦਕੋਟ , 1 ਮਈ (ਗੁਰਿੰਦਰ ਸਿੰਘ/ਬੀ.ਐੱਸ. ਢਿੱਲੋਂ) : 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ਮੀਜ਼ਲਜ਼ (ਖਸਰਾ) ਅਤੇ ਰੁਬੈਲਾ ਵਰਗੀਆਂ ਨਾ-ਮੁਰਾਦ ਬੀਮਾਰੀਆਂ ਤੋਂ ਬਚਾਉਣ ਲਈ ਪੂਰੇ ਰਾਜ ਅੰਦਰ ਐਮ.ਆਰ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਫ਼ਰੀਦਕੋਟ ਤੋਂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ 5200 ਟੀਮਾਂ 73 ਲੱਖ ਤੋਂ ਵਧੇਰੇ ਬੱਚਿਆਂ ਦਾ ਟੀਕਾਕਰਨ ਕਰਨਗੀਆਂ। ਇਹ ਜਾਣਕਾਰੀ ਸਿਹਤ ਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਬਾਬਾ ਫ਼ਰੀਦ ਸਕੂਲ ਵਿਖੇ ਰਾਜ ਪਧਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਮਗਰੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਿਤੀ।  ਉਨ੍ਹਾਂ ਕਿਹਾ ਕਿ ਖਸਰਾ ਜਾਨਲੇਵਾ ਬੀਮਾਰੀ ਹੈ ਜਿਸ ਦੇ ਨਤੀਜੇ ਵਜੋਂ ਨਿਮੋਨੀਆ, ਦਸਤ ਤੇ ਜੀਵਨ ਲਈ ਹੋਰ ਖਾਤਕ ਸਮੱਸਿਆਵਾਂ ਆਉਂਦੀਆਂ ਹਨ। ਇਸੇ ਤਰ੍ਹਾਂ ਰੁਬੈਲਾ ਕਾਰਨ ਗਰਭਵਤੀ ਮਾਵਾਂ, ਬੱਚਿਆਂ ਨੂੰ ਜਨਮ ਜਾਤ ਦੋਸ਼ਾਂ ਦੇ ਨਾਲ ਨਾਲ ਅੰਨ੍ਹਾਪਣ, ਬੋਲਾਪਣ, ਕਮਜ਼ੋਰ ਦਿਮਾਗ ਅਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਦੋਹਾਂ ਬੀਮਾਰੀਆਂ ਦੇ ਇਲਾਜ ਲਈ ਐਮ.ਆਰ. ਦਾ ਟੀਕਾਕਰਨ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵਲੋਂ ਇਸ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਵਿਚ ਸ਼ਾਮਿਲ ਕਰ ਲਿਆ ਗਿਆ ਹੈ। 

ਕੈਬਨਿਟ ਮੰਤਰੀ ਨੇ ਸੋਸ਼ਲ ਮੀਡੀਆ ਵਿਚ ਐਮ. ਆਰ. ਟੀਕਾਕਰਨ ਸਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਗ਼ਲਤ ਅਤੇ ਝੂਠ ਦਸਦਿਆਂ ਕਿਹਾ ਕਿ ਅਜਿਹਾ ਪ੍ਰਾਪੇਗੰੰਡਾ ਸਮਾਜ ਵਿਰੋਧੀ ਅਨਸਰਾਂ ਵਲੋਂ ਕੀਤਾ ਜਾ ਰਿਹਾ ਹੈ। ਐਮ. ਆਰ ਦਾ ਟੀਕਾਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨਾਲ ਬੱਚੇ ਦੀ ਸਿਹਤ ਨੂੰ ਨੁਕਸਾਨ ਨਹੀਂ ਸਗੋਂ ਫ਼ਾਇਦਾ ਹੁੰਦਾ ਹੈ। ਇਸ ਮੌਕੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਸਿਵਲ ਹਸਪਤਾਲ ਫ਼ਰੀਦਕੋਟ ਅਤੇ ਸਰਕਾਰੀ ਮੈਡੀਕਲ ਕਾਲਜ ਵਿਚ ਡਾਕਟਰਾਂ, ਸਟਾਫ ਅਤੇ ਦਵਾਈਆਂ ਆਦਿ ਦੀ ਘਾਟ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ। ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਵਿਖੇ ਰਾਜ ਪਧਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਨੂੰ ਵੈਕਸੀਨ ਹੈਲਥ ਕਾਰਡ ਤਕਸੀਮ ਕੀਤੇ। ਉਨ੍ਹਾਂ ਸਕੂਲ ਦੇ ਬੱਚਿਆਂ ਲਈ 51000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਸਿਖਿਆ ਤੇ ਹੋਰ ਖੇਤਰ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਸੰਦੀਪ ਸਿੰਘ ਸੰਨੀ ਬਰਾੜ, ਡਾ. ਰਾਜ ਬਹਾਦਰ ਉਪ ਕੁਲਪਤੀ, ਇੰਦਰਜੀਤ ਸਿੰਘ ਖ਼ਾਲਸਾ, ਮਹੀਪਇੰਦਰ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ।