ਮੋਹਾਲੀ ਹਵਾਈ ਅੱਡੇ ਲਾਗੇ 5000 ਏਕੜ ਵਿਚ ਨਵਾਂ ਸ਼ਹਿਰ ਵਸਾਇਆ ਜਾਵੇਗਾ : ਤ੍ਰਿਪਤ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਇਸ ਲਈ ਜ਼ਮੀਨ ਲੈਂਡ ਪੂਲਿੰਗ ਪਾਲਸੀ ਰਾਹੀਂ ਅਕਵਾਇਰ ਕੀਤੀ ਜਾਵੇਗੀ।

Tript bajwa

ਚੰਡੀਗੜ੍ਹ, 1 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਲਾਗੇ 5000 ਏਕੜ ਵਿਚ ਨਵਾਂ ਸ਼ਹਿਰ ਵਸਾਇਆ ਜਾਵੇਗਾ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵਜ਼ਾਰਤੀ ਵਾਧੇ ਤੋਂ ਬਾਅਦ ਅਪਣੇ ਦਫ਼ਤਰ ਵਿਖੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਿਭਾਗ ਦੇ ਕੰਮ ਕਾਜ ਦੀ ਸਮੀਖਿਆ ਕਰਨ ਲਈ ਪਲੇਠੀ ਮੀਟਿੰਗ ਦੌਰਾਨ ਇਹ ਗੱਲ ਕਹੀ ਗਈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਮੀਨ ਲੈਂਡ ਪੂਲਿੰਗ ਪਾਲਸੀ ਰਾਹੀਂ ਅਕਵਾਇਰ ਕੀਤੀ ਜਾਵੇਗੀ।ਨਿਊ ਚੰਡੀਗੜ੍ਹ ਵਿਚ 560 ਏਕੜ ਜ਼ਮੀਨ ਅਕਵਾਇਰ ਕਰਨ ਦੀ ਕਾਰਵਾਈ ਇਸ ਸਾਲ ਮੁਕੰਮਲ ਕਰ ਲਈ ਜਾਵੇਗੀ ਅਤੇ ਵੱਖ ਵੱਖ ਪਿੰਡਾਂ ਦੀ ਹੋਰ 272 ਏਕੜ ਜ਼ਮੀਨ ਨਿਊ ਚੰਡੀਗੜ੍ਹ ਵਿਖੇ ਅਕਵਾਇਰ ਕੀਤੀ ਜਾਵੇਗੀ ਜੋ ਰਿਹਾਇਸੀ ਵਰਤੋਂ ਲਈ ਵਰਤੀ ਜਾਵੇਗੀ। ਨਿਊ ਚੰਡੀਗੜ੍ਹ ਅਤੇ ਐਸ.ਏ.ਐਸ ਨਗਰ ਨੂੰ ਜੋੜਨ ਲਈ ਚਾਰ ਮਾਰਗੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ।

ਬਾਜਵਾ ਨੇ ਦਸਿਆ ਕਿ ਮਾਲ ਵਿਭਾਗ ਆਧਾਰਤ ਮਾਸਟਰ ਪਲਾਨ ਅਤੇ ਈ-ਸੀ.ਐਲ.ਯੂ ਸੇਵਾਵਾਂ ਆਨਲਾਈਨ  ਉਪਲਭਧ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਸੂਬੇ ਦੇ 165 ਸ਼ਹਿਰਾਂ ਅਤੇ ਕਸਬਿਆਂ ਦਾ ਮਾਸਟਰ ਪਲਾਨ ਦੋ ਸਾਲ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਈ-ਆਕਸ਼ਨ ਅਤੇ ਈ-ਸੀ.ਐਲ.ਯੂ ਤੋਂ ਬਾਅਦ ਹੁਣ ਈ-ਲਾਇਸੰਸਿੰਗ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ, ਅਕਾਸ਼ ਗੋਇਲ ਵਧੀਕ ਮੁੱਖ ਪ੍ਰਸ਼ਾਸਕ (ਵਿੱਤ ਅਤੇ ਲੇਖਾ) ਪੁੱਡਾ, ਭੁਪਿੰਦਰ ਸਿੰਘ ਵਧੀਕ ਮੁੱਖ ਪ੍ਰਸਾਸ਼ਕ ਪੁੱਡਾ, ਰਾਜੇਸ਼ ਧਿਮਾਨ ਵਧੀਕ ਮੁੱਖ ਪ੍ਰਸਾਸ਼ਕ ਗਮਾਡਾ, ਪੂਜਾ ਸਿਆਲ ਇਸਟੇਟ ਅਫ਼ਸਰ (ਪਲਾਟਸ) ਤੋਂ ਇਲਾਵਾ ਪੁੱਡਾ ਅਤੇ ਗਮਾਡਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।