ਚੌਂਤਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਪੁਲਿਸ ਦੀ ਅੱਖ ਖੁਲ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

110 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ 

drug smuggling in Chowta

ਮਾਛੀਵਾੜਾ ਸਾਹਿਬ, 1 ਮਈ (ਭੂਸ਼ਣ ਜੈਨ):  ਹਲਕਾ ਸਾਹਨੇਵਾਲ ਦਾ ਪਿੰਡ ਚੌਂਤਾ ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਪੂਰੇ ਪੰਜਾਬ ਵਿਚ ਪ੍ਰਸਿੱਧ ਹੋ ਚੁੱਕਾ ਹੈ ਅਤੇ ਪਿਛਲੇ 20 ਦਿਨਾਂ ਵਿਚ ਇਸ ਇਲਾਕੇ ਵਿਚ 3 ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਏ। ਜਦੋਂ ਇਹ ਮਾਮਲਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆਂ ਤਾਂ ਪੁਲਿਸ ਦੀ ਅੱਖੀ ਖੁੱਲ੍ਹੀ ਅਤੇ ਕਲ ਸ਼ਾਮ ਨਸ਼ਿਆਂ 'ਤੇ ਕਾਬੂ ਪਾਉਣ ਲਈ ਬਣਾਈ ਟੀਮ ਐਸ.ਟੀ.ਐਫ਼ ਵਲੋਂ ਪਿੰਡ ਚੌਂਤਾ ਵਿਖੇ ਛਾਪੇਮਾਰੀ ਕੀਤੀ ਜਿਸ ਵਿਚ ਇਕ ਔਰਤ ਨੂੰ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕਰ ਲਿਆ ਜਦਕਿ ਅੱਧੀ ਦਰਜਨ ਤੋਂ ਵੱਧ ਵਿਅਕਤੀ ਪੁੱਛਗਿਛ ਲਈ ਹਿਰਾਸਤ ਵਿਚ ਲਏ।ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫ਼ੋਰਸ ਯੂਨਿਟ ਲੁਧਿਆਣਾ ਦੀ ਟੀਮ ਵਿਚ ਸ਼ਾਮਲ ਐਸ.ਆਈ ਹਰਬੰਸ ਸਿੰਘ ਤੇ ਐਸ.ਆਈ ਜਸਪਾਲ ਸਿੰਘ ਨੇ ਪੁਲਿਸ ਕਰਮਚਾਰੀਆਂ ਸਮੇਤ ਤਸਕਰਾਂ ਦੀ ਤਲਾਸ਼ 'ਚ ਪਿੰਡ ਚੌਂਤਾ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਪਿੰਡ ਦੀ ਫਿਰਨੀ 'ਤੇ ਇਕ ਔਰਤ ਪੁਲਿਸ ਪਾਰਟੀ ਨੂੰ ਦੇਖ ਕੇ ਖੇਤਾਂ ਵਲ ਨੂੰ ਤੇਜ਼ੀ ਨਾਲ ਮੁੜ ਗਈ।

ਪੁਲਿਸ ਪਾਰਟੀ 'ਚ ਸ਼ਾਮਲ ਮਹਿਲਾ ਸਿਪਾਹੀ ਪਰਮਿੰਦਰ ਕੌਰ ਨੇ ਜਦੋਂ ਇਸ ਔਰਤ ਨੂੰ ਕਾਬੂ ਕੀਤਾ ਤਾਂ ਉਸ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਚੌਂਤਾ ਵਜੋਂ ਹੋਈ ਅਤੇ ਉਸ ਕੋਲੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਵਿਰੁਧ ਥਾਣਾ ਕੂੰਮਕਲਾਂ ਵਿਖੇ ਪਰਚਾ ਦਰਜ ਕਰ ਦਿਤਾ ਗਿਆ। ਇਸ ਔਰਤ ਨੇ ਪੁੱਛਗਿਛ ਦੌਰਾਨ ਦਸਿਆ ਕਿ ਉਹ ਇਕ ਘਰੇਲੂ ਔਰਤ ਹੈ ਤੇ ਅਪਣੇ ਘਰ ਦਾ ਖ਼ਰਚਾ ਚਲਾਉਣ ਲਈ ਹੈਰੋਇਨ ਵੇਚਣ ਦਾ ਧੰਦਾ ਕਰਦੀ ਸੀ ਅਤੇ ਸਸਤੇ ਭਾਅ 'ਤੇ ਲਿਆ ਕੇ ਉਹ ਮਹਿੰਗੇ ਭਾਅ 'ਤੇ ਅਪਣੇ ਗਾਹਕਾਂ ਨੂੰ ਵੇਚ ਦਿੰਦੀ ਸੀ। ਇਹ ਔਰਤ ਪਿਛਲੇ 2 ਸਾਲ ਤੋਂ ਹੈਰੋਇਨ ਦਾ ਧੰਦਾ ਕਰ ਰਹੀ ਸੀ। ਜਾਣਕਾਰੀ ਅਨੁਸਾਰ ਐਸ.ਟੀ.ਐਫ਼. ਟੀਮ ਨੇ ਪਿੰਡ ਚੌਂਤਾ ਵਿਖੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਵੀ ਲਿਆ ਹੋਇਆ ਹੈ।