ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਨਹੀਂ : ਕਾਂਗੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੀ ਵਾਰ ਮੰਤਰੀ ਬਣਨ ਵਾਲੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ 'ਰੋਜ਼ਾਨਾ ਸਪੋਕਸਮੈਨ' ਦੇ ਦਫ਼ਤਰ 'ਚ ਫੇਰੀ ਪਾਈ।

Gurpreet Singh kangar

ਬਿਜਲੀ ਮਹਿਕਮੇ ਦੀ ਵੱਡੀ ਜ਼ਿੰਮੇਵਾਰੀ ਸੰਭਾਲ ਰਹੇ ਸ. ਕਾਂਗੜ ਨੇ ਅਪਣੇ ਰਾਜਨੀਤਕ ਜੀਵਨ, ਅਪਣੇ ਮਹਿਕਮੇ ਨੂੰ ਲੀਹ 'ਤੇ ਲਿਆਉਣ 'ਚ ਸਾਹਮਣੇ ਆਉਣ ਵਾਲੀਆਂ ਚੁਨੌਤੀਆਂ, ਯੋਜਨਾਬੰਦੀ ਅਤੇ ਅਪਣੇ ਟੀਚਿਆਂ ਬਾਰੇ ਖੁਲ੍ਹ ਕੇ ਗੱਲਬਾਤ ਕੀਤੀ। 
ਚੰਡੀਗੜ੍ਹ, 2 ਮਈ (ਸਸਸ): ਨੌਜਵਾਨ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਵਜ਼ੀਰ ਬਣਨ ਮਗਰੋਂ ਅੱਜ ਸਪੋਕਸਮੈਨ ਦੇ ਦਫ਼ਤਰ ਵਿਚ ਆ ਕੇ ਦਸਿਆ ਕਿ ਨਵੀਂ ਸਰਕਾਰ ਲਈ ਕੰਡਿਆਂ ਦੀ ਸੇਜ ਵਿਛਾ ਕੇ ਗਈ ਸੀ ਅਕਾਲੀ ਸਰਕਾਰ। ਆਰਥਕ ਹਾਲਾਤ ਬਹੁਤ ਮਾੜੇ ਸਨ ਜਿਨ੍ਹਾਂ ਨੂੰ ਕਾਫ਼ੀ ਹੱਦ ਤਕ ਠੀਕ ਕੀਤਾ ਹੈ ਅਤੇ ਠੀਕ ਕਰ ਰਹੇ ਹਾਂ। ਇੰਡਸਟਰੀ ਨੂੰ ਅਸੀਂ ਸਸਤੀ ਬਿਜਲੀ ਦਿਤੀ ਹੈ ਜੋ ਕੰਮ ਪਹਿਲਾਂ ਨਹੀਂ ਸੀ ਹੋਇਆ। ਜਿਥੇ ਤਕ ਬਿਜਲੀ ਦੀਆਂ ਦਰਾਂ ਦੀ ਗੱਲ ਹੈ, ਅਕਾਲੀ ਸਰਕਾਰ ਸਮੇਂ ਹਰ ਮਹੀਨੇ ਬਿਜਲੀ ਦੇ ਰੇਟ ਵਧਦੇ ਸਨ। ਖ਼ੈਰ, ਅਸੀਂ ਇਸ ਪਾਸੇ ਕੰਮ ਕਰ ਰਹੇ ਹਾਂ ਤੇ ਲੋਕਾਂ ਨੂੰ ਰਾਹਤ ਦੇਵਾਂਗੇ। ਵਾਧੂ ਬਿਜਲੀ ਹੋਣ ਬਾਰੇ ਅਕਾਲੀ ਸਰਕਾਰ ਦੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਪਾਵਰ ਸਰਪਲੱਸ ਸੂਬਾ ਨਹੀਂ ਜਿਵੇਂ ਅਕਾਲੀਆਂ ਨੇ ਪ੍ਰਚਾਰ ਕੀਤਾ ਸੀ। ਅਕਾਲੀਆਂ ਦੀਆਂ ਇਹ ਖੋਖਲੀਆਂ ਗੱਲਾਂ ਸਨ। ਉਨ੍ਹਾਂ ਨੇ ਤਾਂ ਬਿਜਲੀ ਦੇ ਖੇਤਰ ਵਿਚ ਬੁਰਾ ਹਾਲ ਕਰ ਕੇ ਰੱਖ ਦਿਤਾ ਸੀ। ਪਾਵਰ ਸਰਪਲੱਸ ਵਾਲੇ ਮਾਮਲੇ ਵਿਚ ਅਕਾਲੀਆਂ ਨੇ ਝੂਠ ਬੋਲਿਆ। ਉਸ ਮਾੜੀ ਹਾਲਤ ਨੂੰ ਠੀਕ ਕਰਨ 'ਚ ਅਸੀਂ ਲੱਗੇ ਹੋਏ ਹਾਂ। ਮਾਲਵੇ 'ਚ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਹਾਲਾਤ ਕਿਹੋ-ਜਿਹੇ ਹਨ। ਅਸੀਂ ਲੋਕਾਂ ਨੂੰ ਸਸਤੀ ਤੇ ਬੇਰੋਕ ਬਿਜਲੀ ਦੇਣ ਲਈ ਵਚਨਬੱਧ ਹਾਂ ਅਤੇ ਇਸ ਦਿਸ਼ਾ 'ਚ ਜ਼ੋਰ-ਸ਼ੋਰ ਨਾਲ ਕੰਮ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਸਿਆਸੀ ਸਫ਼ਰ ਵਿਚ ਉਨ੍ਹਾਂ ਨੂੰ ਕਈ ਉਤਰਾਅ-ਚੜ੍ਹਾਅ ਵੇਖਣੇ ਪਏ। 1988 ਵਿਚ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਮੇਰੀ ਉਮਰ ਬਹੁਤ ਛੋਟੀ ਸੀ। ਵੱਡੀ ਕਬੀਲਦਾਰੀ ਸਿਰ ਪੈ ਗਈ। ਪਿਤਾ ਜੀ ਪਿੰਡ ਦੇ ਸਰਪੰਚ ਸਨ। ਟਰਾਂਸਪੋਰਟ ਦਾ ਵੀ ਕੰਮ ਸੀ ਜੋ ਉਨ੍ਹਾਂ ਦੇ ਚਲਾਣੇ ਨਾਲ ਪ੍ਰਭਾਵਤ ਹੋਇਆ। ਸਿਆਸਤ ਵਿਚ ਆਉਣ ਬਾਬਤ ਮੈਨੂੰ ਕੋਈ ਚਿੱਤ-ਚੇਤਾ ਵੀ ਨਹੀਂ ਸੀ ਪਰ ਸਮੇਂ ਦੇ ਗੇੜ ਨੇ ਮੈਨੂੰ ਇਧਰ ਤੋਰ ਦਿਤਾ। ਪਿੰਡ ਦੇ ਲੋਕਾਂ ਨੇ 1993 ਦੀਆਂ ਪੰਚਾਇਤ ਚੋਣਾਂ 'ਚ ਗੁਰਦਵਾਰੇ ਲਿਜਾ ਕੇ ਸਰਪੰਚ ਬਣਾ ਦਿਤਾ। ਉਦੋਂ ਮੈਂ ਪੰਜਾਬ 'ਚ ਸੱਭ ਤੋਂ ਛੋਟੀ ਉਮਰ ਦਾ ਸਰਪੰਚ ਸੀ। ਇਸ ਗੱਲ ਦੀ ਮੀਡੀਆ ਵਿਚ ਵੀ ਕਾਫ਼ੀ ਚਰਚਾ ਹੋਈ ਸੀ।

ਛੇ-ਸੱਤ ਮਹੀਨਿਆਂ ਮਗਰੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਅਤੇ ਉਸ ਵਿਚ ਵੀ ਪੰਜਾਬ ਵਿਚ ਸੱਭ ਤੋਂ ਵੱਧ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। 1997 ਵਿਚ ਕੁੱਝ ਸਮਾਂ ਅਕਾਲੀ ਦਲ ਵਿਚ ਕੰਮ ਕੀਤਾ। ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਮਤਭੇਦ ਹੋਏ। ਫਿਰ 2002 ਵਿਚ ਰਾਮਪੁਰਾ ਹਲਕੇ ਤੋਂ ਆਜ਼ਾਦ ਤੌਰ 'ਤੇ ਚੋਣ ਲੜੀ ਅਤੇ ਭਾਰੀ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਫਿਰ ਕੈਪਟਨ ਅਮਰਿੰਦਰ ਸਿੰਘ ਦਾ ਪੱਲਾ ਫੜ ਲਿਆ। ਹਮੇਸ਼ਾ ਉਨ੍ਹਾਂ ਨਾਲ ਰਿਹਾ। ਆਸੇ-ਪਾਸੇ ਨਹੀਂ ਵੇਖਿਆ। ਕੈਪਟਨ ਅਮਰਿੰਦਰ ਸਿੰਘ ਦੀ ਬੇਬਾਕੀ, ਨਿਡਰ ਫ਼ੈਸਲਾਕਾਰੀ, ਸੱਚ ਬੋਲਣ ਦੀ ਜੁਅਰਤ ਤੋਂ ਏਨਾ ਪ੍ਰਭਾਵਤ ਹੋਇਆ ਕਿ ਮੈਂ ਹਮੇਸ਼ਾ ਉਨ੍ਹਾਂ ਦਾ ਹੀ ਬਣ ਕੇ ਰਹਿ ਗਿਆ। ਹਰ ਵਕਤ ਉਨ੍ਹਾਂ ਨਾਲ ਚਟਾਨ ਵਾਂਗ ਖੜਾ ਰਿਹਾ। 2007 ਵਿਚ ਉਨ੍ਹਾਂ ਮੈਨੂੰ ਘਰ ਬੈਠੇ ਨੂੰ ਟਿਕਟ ਭੇਜੀ ਤੇ ਜਿੱਤ ਪ੍ਰਾਪਤ ਕੀਤੀ। 2012 'ਚ ਥੋੜੇ ਜਿਹੇ ਫ਼ਰਕ ਨਾਲ ਹਾਰਿਆ ਪਰ ਹੌਸਲਾ ਨਹੀਂ ਹਾਰਿਆ। 2017 ਵਿਚ ਫਿਰ ਜਿੱਤ ਪ੍ਰਾਪਤ ਕੀਤੀ। ਮੈਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ, ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਆਦਿ ਦਾ ਤਹਿ ਦਿਲੋਂ ਧਨਵਾਦੀ ਹਾਂ ਕਿ ਉਨ੍ਹਾਂ ਮੈਨੂੰ ਮੰਤਰੀ  ਬਣਨ ਦਾ ਮੌਕਾ ਦਿਤਾ। ਅਕਾਲੀ ਦਲ ਦੇ ਚੋਟੀ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਹਰਾਇਆ, ਪਹਿਲਾਂ ਉਨ੍ਹਾਂ ਦੇ ਸਾਥੀ ਰਹੇ। ਬੜਾ ਫਸਵਾਂ ਮੁਕਾਬਲਾ ਸੀ ਤੇ ਜਿੱਤ ਕਿਵੇਂ ਸੰਭਵ ਹੋਈ? ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਦੋਂ ਹਾਲਾਤ ਅਜਿਹੇ ਬਣ ਗਏ ਸਨ ਕਿ ਉਨ੍ਹਾਂ ਵਿਰੁਧ ਚੋਣ ਲੜਨੀ ਪਈ।  ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਕੋਲ ਸਿਆਸੀ ਤਾਕਤ ਸੀ ਪਰ ਅਸੀਂ ਗ਼ਰੀਬ ਨਾਲ ਧੱਕਾ ਹੁੰਦਾ ਵੇਖ ਕੇ ਉਸ ਕੋਲ ਜਾ ਕੇ ਖੜ ਜਾਂਦੇ ਸੀ। ਇਹੋ ਲੋਕ ਮੇਰੀ ਤਾਕਤ ਬਣੇ। ਉਨ੍ਹਾਂ ਕਿਹਾ ਕਿ ਪਾਰਟੀਆਂ 'ਚ ਕੋਈ ਫ਼ਰਕ ਨਹੀਂ ਹੁੰਦਾ। ਇਹ ਵਿਕਅਤੀਗਤ ਮਾਮਲਾ ਹੈ। ਮੈਂ ਕਾਂਗਰਸ ਵਿਚ ਆਇਆ ਕਿਉਂਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੀ ਸ਼ਖ਼ਸੀਅਤ ਨੇ ਬੇਹੱਦ ਪ੍ਰਭਾਵਤ ਕੀਤਾ। ਮੈਂ ਉਨ੍ਹਾਂ ਦੇ ਕੰਮ ਕਰਨ ਦੇ ਨਿਵੇਕਲੇ ਢੰਗ ਨੂੰ ਵੇਖਿਆ ਅਤੇ ਜਾਣਿਆ ਕਿ ਉਹ ਕਿੰਨੀ ਵੱਡੀ ਸ਼ਖ਼ਸੀਅਤ ਦੇ ਮਾਲਕ ਹਨ। ਮੈਂ ਹਮੇਸ਼ਾ ਉਨ੍ਹਾਂ ਦੇ ਪਿਛੇ ਰਿਹਾ। ਚਾਹੇ ਕਿਹੋ ਜਿਹਾ ਵੀ ਦੌਰ ਆਇਆ, ਮੈਂ ਕਦੇ ਵੀ ਉਨ੍ਹਾਂ ਦਾ ਸਾਥ ਨਹੀਂ ਛਡਿਆ। ਇੱਧਰ-ਉਧਰ ਜਾਣ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ। ਉਨ੍ਹਾਂ ਤੋਂ ਸਿਵਾਏ ਹੋਰ ਕਿਸੇ ਪਾਸੇ ਨਹੀਂ ਵੇਖਿਆ।