ਪਾਦਰੀ ਮਾਮਲਾ : ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਛਾਪੇਮਾਰੀ 'ਚ ਬਰਾਮਦ ਹੋਏ ਕਰੋੜਾਂ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਅਰਬਨ ਅਸਟੇਟ ਫੇਸ-1 ਦੀ ਬਲਬੀਰ ਸਿੰਘ ਕਾਲੋਨੀ ਵਿਖੇ ਰੇਡ ਕੀਤੀ ਸੀ

Raid Pic

ਪਟਿਆਲਾ : ਬੀਤੇ ਦਿਨੀਂ ਕੇਰਲਾ ਪੁਲਿਸ ਨੇ ਪਾਦਰੀ ਦੇ ਕਰੋੜਾਂ ਰੁਪਏ ਖ਼ੁਰਦ ਬੁਰਦ ਕਰਨ ਵਾਲੇ ਦੋ ਥਾਣੇਦਾਰਾਂ ਨੂੰ ਹਿਰਾਸਤ 'ਚ ਲਿਆ ਸੀ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਅੱਜ ਐਸ.ਆਈ. ਦੀ ਟੀਮ ਅਤੇ ਪਟਿਆਲਾ ਪੁਲਿਸ ਨੇ ਅਪਰੇਸ਼ਨ ਕਰ ਕੇ ਅਰਬਨ ਅਸਟੇਟ ਫੇਸ-1 ਦੀ ਬਲਬੀਰ ਸਿੰਘ ਕਾਲੋਨੀ ਵਿਖੇ ਰੇਡ ਕੀਤੀ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਅਧਿਕਾਰੀਆਂ ਪਾਸੋਂ ਕੁੱਲ 2.38 ਕਰੋੜ ਰੁਪਏ ਜ਼ਬਤ ਕੀਤੇ, ਜਿਸ 'ਚ 1 ਕਰੋੜ ਰੁਪਏ ਮਾਨਸਾ ਦੇ ਨਰਿੰਦਰ ਸਿੰਘ ਤੋਂ ਜ਼ਬਤ ਕੀਤੇ ਗਏ ਹਨ, ਜੋ ਏਐਸਆਈ ਰਾਜਪੀਤ ਦਾ ਅੰਕਲ ਹੈ ਅਤੇ ਹੈਡ ਕਾਂਸਟੇਬਲ ਅਮਰੀਕ ਸਿੰਘ ਤੋਂ 40 ਲੱਖ ਰੁਪਏ ਫੜੇ ਗਏ।

ਐਸ.ਐਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਤੜਾਂ ਦੇ ਸੁਰਿੰਦਰ ਸ਼ਰਮਾ ਤੋਂ 40 ਲੱਖ ਰੁਪਏ ਫੜੇ ਗਏ ਹਨ। ਏਐਸਆਈ ਜੋਗਿੰਦਰ ਸਿੰਘ ਦੇ ਸਾਥੀ ਸ਼ੌਕਤ ਅਲੀ ਖ਼ਾਨ ਤੋਂ 20 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਕੇਸ 'ਚ ਤਿੰਨ ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਤੋਂ ਹਾਲੇ ਹੋਰ ਵੀ ਨਕਦੀ ਫੜੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਸਿੱਧੂ ਨੇ ਦੱਸਿਆ ਕਿ ਮੋਹੰਮਦ ਸ਼ਕੀਲ ਦੀ ਗ੍ਰਿਫਤਾਰੀ ਕੀਤੀ ਹੈ ਅਤੇ ਕੁਝ ਰਿਕਵਰੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਚਲ ਰਹੀ ਹੈ ਅਤੇ ਹੋਰ ਖੁਲਾਸਾ ਵੀ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਅਤੇ ਵਿਸ਼ੇਸ਼ ਪੁਲਿਸ ਟੀਮਾਂ ਵੱਲੋਂ ਦੇਰ ਰਾਤ ਤੋਂ ਪਟਿਆਲਾ ਸਮਾਣਾ ਤੇ ਬਠਿੰਡਾ ਵਿੱਚ ਛਾਪੇਮਾਰੀ ਕੀਤੀ ਸੀ। ਪੁਲਿਸ ਵੱਲੋਂ ਏਐਸਆਈ ਰਾਜਪ੍ਰੀਤ ਦੇ ਚਾਚਾ ਸਹੁਰਾ ਅਮਰਜੀਤ ਸਿੰਘ ਜੋ ਕਿ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹੈ, ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਏਐਸਆਈ ਜੋਗਿੰਦਰ ਸਿੰਘ ਦੇ ਗੁਆਂਢੀ ਸ਼ੱਕੀ ਅਹਿਮਦ ਨੂੰ ਵੀ ਉਸ ਦੇ ਘਰੋਂ ਕਾਬੂ ਕੀਤਾ ਗਿਆ ਹੈ । ਪੁਲਿਸ ਨੇ ਘਰਾਂ ਵਿਚ ਕੀਤੀ ਛਾਪੇਮਾਰੀ ਦੌਰਾਨ ਇਨ੍ਹਾਂ ਦੋਵਾਂ ਦੇ ਘਰੋਂ ਲੱਖਾਂ ਵਿੱਚ ਰਾਸ਼ੀ ਵੀ ਬਰਾਮਦ ਕੀਤੀ ਹੈ।