ਵਿਧਾਨ ਸਭਾ ਵਿਚ ਕੰਟਰੋਲ ਰੂਮ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਬਾਹਰਲੇ ਰਾਜਾਂ ਵਿਚ ਪੰਜਾਬੀਆਂ ਬਾਰੇ ਵਿਧਾਇਕ ਭੇਜ ਰਹੇ ਹਨ ਜਾਣਕਾਰੀ

File Photo

ਚੰਡੀਗੜ੍ਹ, 1 ਮਈ (ਜੀ.ਸੀ.ਭਾਰਦਵਾਜ): ਸਾਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਮਚੇ ਕਹਿਰ ਅਤੇ ਅਪਣੇ ਮੁਲਕ ਵਿਚ ਇਸ ਖ਼ਤਰੇ ਵਿਰੁਧ ਜਾਰੀ ਜੰਗ ਦੀ ਲੋਅ ਵਿਚ ਪੰਜਾਬ ਸਰਕਾਰ ਨੇ ਦੂਜੇ ਰਾਜਾਂ ਵਿਚ ਪੀੜਤ ਪੰਜਾਬੀਆਂ ਬਾਰੇ ਜਾਣਕਾਰੀ ਲੈਣ-ਦੇਣ ਅਤੇ ਉਨ੍ਹਾਂ ਦੀ ਸੁਰੱਖਿਆ ਸਮੇਤ ਘਰ ਵਾਪਸੀ ਬਾਰੇ ਪੰਜਾਬ ਵਿਧਾਨ ਸਭਾ ਸਕੱਤ੍ਰੇਤ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ।  

ਇਸ ਵਿਸ਼ੇਸ਼ ਸਿਸਟਮ ਨੇ ਦਸਿਆ ਕਿ ਲੋਕ ਸਭਾ ਸਪੀਕਰ ਵਲੋਂ ਪਿਛਲੇ ਦਿਨੀਂ ਵੀਡੀਉ ਮੀਟਿੰਗ ਰਾਹੀਂ ਕੀਤੀ ਹਦਾਇਤ ਹੇਠ, ਇਹ ਕੰਟਰੋਲ ਰੂਮ ਬਣਾਇਆ ਹੈ ਜਿਸ ਤਹਿਤ ਪੰਜਾਬ ਦੇ ਸਾਰੇ 117 ਵਿਧਾਇਕ ਆਪੋ-ਅਪਣੇ ਇਲਾਕਿਆਂ ਵਿਚੋਂ ਬਾਹਰਲੇ ਰਾਜਾਂ ਵਿਚ ਪੀੜਤ ਪੰਜਾਬੀਆਂ ਯਾਨੀ ਵਿਦਿਆਰਥੀਆਂ, ਸ਼ਰਧਾਲੂਆਂ, ਮਜ਼ਦੂਰਾਂ, ਟਰੱਕ ਡਰਾਈਵਰਾਂ ਤੇ ਹੋਰ ਸਬੰਧੀਆਂ ਬਾਰੇ ਜਾਣਕਾਰੀ ਦੇ ਰਹੇ ਹਨ। ਇਹ ਸੂਚਨਾ ਦੇਸ਼ ਦੇ ਕੁਲ 17 ਸੂਬਾ ਪਧਰੀ ਵਿਧਾਨ ਸਭਾ ਕੰਟਰੋਲ ਰੂਮਾਂ ਵਿਚ ਪੁਚਾਈ ਜਾਂਦੀ ਹੈ ਜਿਥੋਂ ਅੱਗੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪ੍ਰਬੰਧਕਾਂ  ਕੋਲੋਂ ਦਿਹਾਤੀ ਤੇ ਸ਼ਹਿਰੀ ਇਲਾਕਿਆਂ ਸਮੇਤ, ਵਿਦਿਅਕ ਅਦਾਰਿਆਂੰ ਤੇ ਧਾਰਮਕ ਸਥਾਨਾਂ ਤੋਂ ਫਸੇ ਪੰਜਾਬੀਆਂ ਨੂੰ ਪੁਚਾਈ ਜਾ ਰਹੀ ਹੈ।

ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਕੋਟਾ-ਰਾਜਸਥਾਨ, ਨਾਂਦੇੜ-ਮਹਾਂਰਾਸ਼ਟਰ, ਕਲੱਕਤਾ-ਬੰਗਾਲ, ਇੰਦੋਰ-ਭੋਪਾਲ-ਮੱਧ ਪ੍ਰਦੇਸ਼ ਤੇ ਆਸਾਮ ਵਲੋਂ ਕਈ ਪੰਜਾਬੀ ਵਿਦਿਆਰਥੀ, ਡਰਾਈਵਰ ਅਤੇ ਬੰਗਲੌਰ ਤੋਂ ਕੰਪਨੀ ਕਰਮਚਾਰੀ ਹੌਲੀ-ਹੌਲੀ  ਘਰ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਲੋਕ ਜੋ ਬਾਹਰਲੇ ਸੂਬਿਆਂ ਵਿਚ ਨੌਕਰੀ ਪੇਸ਼ਾ ਹਨ, ਹੁਣ ਕੋਰੋਨਾ ਵਾਇਰਸ ਦੇ ਲਾਕਲਾਊਨ ਕਰ ਕੇ ਕੰਮ ਧੰਦੇ ਤੋਂ ਛੁਟ ਗਏ ਹਨ, ਮਦਦ ਵਾਸਤੇ ਪੰਜਾਬ ਪਰਤਣ ਦੇ ਚਾਹਵਾਨ ਹਨ।

ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਚਲ ਰਹੇ ਕੰਟਰੋਲ ਰੂਮ ਵਾਸਤੇ ਦੋ ਸੀਨੀਅਰ ਅਧਿਕਾਰੀਆਂ ਦੀ ਡਿਊਟੀ, ਵਿਧਾਨ ਸਭਾ ਸਕੱਤ੍ਰੇਤ ਵਿਚ ਲੱਗੀ ਹੈ ਅਤੇ ਇਹ ਅਧਿਕਾਰੀ ਅੱਗੇ ਪੰਜ ਹੋਰ ਕਰਮਚਾਰੀਆਂ ਨੂੰ ਈ-ਮੇਲ ਉਤੇ ਸੂਚਨਾ ਲਗਾਤਾਰ ਭੇਜ ਰਹੇ ਹਨ ਅਤੇ ਸਬੰਧਤ ਰਾਜਾਂ ਤੋਂ ਮਿਲੀ ਜਾਣਕਾਰੀ ਪੰਜਾਬ ਦੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ  ਨਾਲ ਰਾਵਤਾ ਬਣਾਈ ਰੱਖ ਰਹੇ ਹਨ।

ਵਿਧਾਨ ਸਭਾ ਵਿਚ ਕੰਟਰੋਲ ਰੂਮ ਨੰਬਰ 0172-2740565 ਅਤੇ 2740566 ਹੈ ਅਤੇ ਮੋਬਾਈਲ ਨੰਬਰ 97791-11022 ਹੈ। ਇਸ ਨੰਬਰ ਉਤੇ ਪੰਜਾਬ ਦੇ ਵਿਧਾਇਕ ਗੱਲਬਾਤ ਕਰ ਸਕਦੇ ਹਨ ਜਿਸ ਉਪਰੰਤ ਈ-ਮੇਲ ਰਾਹੀਂ ਸੂਚਨਾ ਲੋਕ ਸਭਾ ਸਪੀਕਰ ਨੂੰ ਜਾਂਦੀ ਹੈ।