ਕੋਰੋਨਾ ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਦੇ ਉਸਾਰੂ ਨਤੀਜੇ, ਤੰਦਰੁਸਤ ਹੋ ਕੇ 1100 ਮਰੀਜ਼ ਘਰਾਂ ਨੂੰ ਪਰਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ 10 ਲੱਖ ਦੀ ਆਬਾਦੀ 'ਤੇ 2300 ਟੈਸਟ ਕੀਤੇ ਜਾ ਰਹੇ ਹਨ ਜਦਕਿ ਬਾਕੀ ਦੇਸ਼ ਵਿਚ 500, ਇਸ ਲਈ ਮਰੀਜ਼ ਵੱਧ ਸਾਹਮਣੇ ਆਏ : ਕੇਜਰੀਵਾਲ

ਸੂਬੇ ਵਿਚ 10 ਲੱਖ ਦੀ ਆਬਾਦੀ 'ਤੇ 2300 ਟੈਸਟ ਕੀਤੇ ਜਾ ਰਹੇ ਹਨ ਜਦਕਿ ਬਾਕੀ ਦੇਸ਼ ਵਿਚ 500, ਇਸ ਲਈ ਮਰੀਜ਼ ਵੱਧ ਸਾਹਮਣੇ ਆਏ : ਕੇਜਰੀਵਾਲ

ਨਵੀਂ ਦਿੱਲੀ, 1 ਮਈ (ਅਮਨਦੀਪ ਸਿੰਘ): ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿਖੇ ਪਲਾਜ਼ਮਾ ਥੈਰੇਪੀ ਦੇ ਤਜ਼ਰਬੇ ਦੇ ਉਸਾਰੂ ਨਤੀਜੇ ਸਾਹਮਣੇ ਆਏ ਹਨ ਤੇ ਪਹਿਲਾ ਨਾਜ਼ੁਕ ਮਰੀਜ਼ ਤੰਦਰੁਸਤ ਹੋ ਕੇ ਅਪਣੇ ਘਰ ਪਰਤ ਚੁਕਾ ਹੈ।


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਲਾਜ਼ਮਾਂ ਥੈਰੇਪੀ ਨਾਲ ਹੋਰ ਮਰੀਜ਼ ਵੀ ਸਿਹਤਯਾਬ ਹੋ ਜਾਣਗੇ। ਹਾਲ ਦੀ ਘੜੀ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲਣ ਪਿਛੋਂ ਪਲਾਜ਼ਮਾ ਥੈਰੇਪੀ ਦੇ ਤਜਰਬੇ ਕੀਤੇ ਜਾ ਰਹੇ ਹਨ ਜਿਸ ਦੇ ਉਸਾਰੂ ਨਤੀਜੇ ਆਏ ਹਨ।


ਉਨ੍ਹਾਂ ਦਸਿਆ ਕਿ ਜਿਹੜੇ 1100 ਮਰੀਜ਼ ਹੁਣ ਤਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ, ਉਨ੍ਹਾਂ ਨਾਲ ਵੀ ਸਰਕਾਰ ਰਾਬਤਾ ਕਰ ਰਹੀ ਹੈ ਤੇ ਉਹ ਵੀ ਪਲਾਜ਼ਮਾ ਦਾਨ ਕਰਨ ਦੇ ਇਛੁੱਕ ਹਨ ਜਿਸ ਨਾਲ ਹੋਰਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਹੁਣ ਤਕ ਦਿੱਲੀ ਵਿਚ ਕੁਲ 2362 ਕੋਰੋਨਾ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ ਤੇ 59 ਦੀ ਮੌਤ ਹੋ ਚੁਕੀ ਹੈ।


ਡਿਜ਼ੀਟਲ ਪੱਤਰਕਾਰ ਮਿਲਣੀ ਵਿਚ ਕੇਜਰੀਵਾਲ ਨੇ ਅੱਜ ਕਿਹਾ ਕਿ ਦਿੱਲੀ ਵਿਚ ਕੋਰੋਨਾ ਪੀੜਤਾਂ ਦੇ ਵੱਧ ਮਾਮਲੇ ਇਸ ਲਈ ਸਾਹਮਣੇ ਆ ਰਹੇ ਹਨ ਕਿਉਂਕਿ ਬਾਕੀ ਦੇਸ਼ ਦੇ ਮੁਕਾਬਲੇ ਦਿੱਲੀ ਵਿਚ ਹਰੇਕ 10 ਲੱਖ ਦੀ ਆਬਾਦੀ 'ਤੇ 2300 ਟੈਸਟ ਕਰ ਰਹੇ ਹਾਂ ਜਦਕਿ ਦੇਸ਼ ਵਿਚ 10 ਲੱਖ ਦੀ ਆਬਾਦੀ 'ਤੇ 500 ਟੈਸਟ ਹੋ ਰਹੇ ਹਨ, ਇਸੇ ਕਾਰਨ ਦਿੱਲੀ ਵਿਚ ਕਰੋਨਾ ਮਰੀਜ਼ਾਂ ਦੀ ਤਾਦਾਦ ਵਧਦੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਦੇ ਕੇ ਤੰਦਰੁਸਤ ਕਰਨਾ ਹੈ। ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਲੱਗੀ ਹੋਈ ਹੈ ਤੇ ਕੋਰੋਨਾ ਪ੍ਰਭਾਵਤ ਐਲਾਨੇ ਗਏ ਕਈ ਇਲਾਕਿਆਂ ਵਿਚ ਹਾਲਾਤ ਆਮ ਹੋ ਰਹੇ ਹਨ।


ਗ਼ਰੀਬਾਂ ਨੂੰ ਮੁਫ਼ਤ ਮਿਲੇਗਾ 10 ਕਿਲੋ ਰਾਸ਼ਨ: ਉਨ੍ਹਾਂ ਦਸਿਆ ਕਿ ਸੱਭ ਤੋਂ ਵੱਧ ਮਾਰ ਗ਼ਰੀਬਾਂ ਨੂੰ ਪਈ ਹੈ, ਉਨ੍ਹਾਂ ਲਈ ਮਈ ਤੋਂ ਮੁਫ਼ਤ 10  ਕਿਲੋ ਰਾਸ਼ਨ ਹਰੇਕ ਜਣੇ ਲਈ ਦੇ ਰਹੇ ਹਾਂ, ਪਹਿਲਾਂ ਵੀ ਮਦਦ ਕਰ ਰਹੇ ਹਾਂ। ਹੁਣ ਤੋਂ ਸਾਬਨ, ਤੇਲ ਤੇ  ਹੋਰ ਮੁੱਢਲੀਆਂ ਲੋੜਾਂ ਦੀਆਂ ਕੁੱਝ ਵਸਤਾਂ ਦੀ ਕਿੱਟਾਂ ਗ਼ਰੀਬਾਂ ਲਈ ਦਿਤੀਆਂ ਜਾ ਰਹੀਆਂ ਹਨ।


ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲਣ ਪਿਛੋਂ ਕੋਟਾ ਵਿਚ ਫਸੇ ਹੋਏ ਦਿੱਲੀ ਦੇ ਵਿਦਿਆਰਥੀਆਂ ਨੂੰ ਵਾਪਸ ਦਿੱਲੀ ਲਿਆਉਣ ਲਈ 400 ਬਸਾਂ ਰਵਾਨਾ ਹੋ ਰਹੀਆਂ ਹਨ ਤੇ ਯੂਪੀ, ਝਾਰਖੰਡ ਤੇ ਬਿਹਾਰ ਦੇ ਲੋਕਾਂ ਨੂੰ ਵਾਪਸ ਭੇਜਣ ਲਈ ਉਥੋਂ ਦੀਆਂ ਸੂਬਾ ਸਰਕਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।